ਸਿਹਤ ਮੰਤਰੀ ਡਾ ਬਲਵੀਰ ਸਿੰਘ ਸਿੱਧੂ ਅਚਨਚੇਤ ਪਹੁੰਚੇ ਸਿਵਲ ਹਸਪਤਾਲ ਭਵਾਨੀਗੜ੍ਹ

ਭਵਾਨੀਗੜ੍ਹ: (ਕ੍ਰਿਸ਼ਨ ਚੌਹਾਨ)
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ.ਬਲਵੀਰ ਸਿੰਘ ਵੱਲੋੰ ਸ਼ਨੀਵਾਰ ਨੂੰ ਬਲਾਕ ਦੇ ਪਿੰਡ ਨਦਾਮਪੁਰ ਵਿਖੇ ਨਵੇਂ ਖੋਲ੍ਹੇ ਗਏ ਮੁਹੱਲਾ ਕਲੀਨਿਕ ਸਮੇਤ ਭਵਾਨੀਗੜ੍ਹ ਦੇ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰਾਨ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਆਖਿਆ ਕਿ ਆਪਣੇ ਸੁਨਾਮ ਦੌਰੇ ਦੌਰਾਨ ਅੱਜ ਉਹ ਰਸਤੇ ‘ਚ ਪੈੰਦੇ ਸਰਕਾਰੀ ਹਸਪਤਾਲਾਂ ਤੇ ਆਮ ਆਦਮੀ ਮੁਹੱਲਾ ਕਲੀਨਿਕਾਂ ਦਾ ਜਾਇਜਾ ਲੈ ਰਹੇ ਹਨ ਤੇ ਕਮੀਆਂ ਪੇਸ਼ੀਆਂ ਨੂੰ ਦੇਖਿਆ ਜਾ ਰਿਹਾ ਹੈ। ਡਾ. ਬਲਵੀਰ ਸਿੰਘ ਨੇ ਦਾਅਵਾ ਕੀਤਾ ਕਿ ਮਾਨ ਸਰਕਾਰ ਦੇ ਆਉਣ ਨਾਲ ਸੂਬੇ ‘ਚ ਸਿਹਤ ਸਹੂਲਤਾਂ ਬਿਹਤਰ ਹੋਈਆਂ ਹਨ ਪਰੰਤੂ ਹੋਰ ਬਿਹਤਰੀ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਭਵਾਨੀਗੜ੍ਹ ਦੇ ਸਿਵਲ ਹਸਪਤਾਲ ਦੀ ਵੱਡੀ ਇਮਾਰਤ ਹੈ, ਨਵੀੰ ਬਿਲਡਿੰਗ ਹੋਰ ਬਣਾਈ ਜਾਣੀ ਹੈ। ਇਸ ਲਈ ਮਰੀਜਾਂ ਦੀ ਸੁਵਿਧਾ ਲਈ ਸਰਕਾਰ ਵੱਲੋੰ 4 ਹੋਰ ਮਾਹਿਰ ਡਾਕਟਰ ਇੱਥੇ ਭੇਜੇ ਜਾਣਗੇ ਨਾਲ ਹੀ ਉਨ੍ਹਾਂ ਕਿਹਾ ਕਿ ਸੰਗਰੂਰ ਜਿਲੇ ਦਾ ਵੱਡਾ ਕਸਬਾ ਹੋਣ ਕਰਕੇ ਇੱਥੇ ਮਰੀਜਾਂ ਨੂੰ ਐਮਰਜੇੰਸੀ ਤਹਿਤ 24 ਘੰਟੇ ਸਿਹਤ ਸੇਵਾਵਾਂ ਮਿਲਣੀਆਂ ਯਕੀਨੀ ਬਣਾਈਆਂ ਜਾਣਗੀਆਂ। ਇਸ ਤੋੰ ਇਲਾਵਾ ਸਿਹਤ ਮੰਤਰੀ ਨੇ ਕਿਹਾ ਕਿ ਸਿਵਲ ਹਸਪਤਾਲ ਭਵਾਨੀਗੜ੍ਹ ਵਿਖੇ ਡਾਕਟਰਾਂ ਦੀ ਕਮੀ ਦੂਰ ਕਰਨ ਤੋੰ ਇਲਾਵਾ ਸਰਕਾਰ ਵੱਲੋੰ ਪੇੰਡੂ ਖੇਤਰਾਂ ਦੇ ਲੋਕਾਂ ਦੀ ਸਹੂਲਤ ਲਈ ਕਈ ਹੋਰ ਨਵੇੰ ਟੈਸਟਾਂ ਦੀ ਸਹੂਲਤ ਦੇਣ ਸਮੇਤ ਦਵਾਈਆਂ ਦੀ ਸਪਲਾਈ ਨੂੰ ਵੀ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦਾ ਮੁੱਖ ਮਕਸਦ ਪੰਜਾਬ ਵਿੱਚ ਆਮ ਲੋਕਾਂ ਨੂੰ ਸਰਕਾਰੀ ਇਮਾਰਤਾਂ ਵਿੱਚ ਬਿਨ੍ਹਾਂ ਖਰਚ ਦੇ ਵਿਸ਼ਵ ਪੱਧਰੀ ਸਹੂਲਤਾਂ ਦੇਣਾ ਹੈ ਜਿਸਨੂੰ ਪੂਰਾ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ।

error: Content is protected !!