ਭਵਾਨੀਗੜ੍ਹ (ਬਲਵਿੰਦਰ ਬਾਲੀ) ਨੇੜਲੇ ਪਿੰਡ ਘਰਾਚੋਂ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੋਲ ਦੇਖਣ ਨੂੰ ਮਿਲਿਆ, ਜਦੋਂ ਪਿੰਡ ਘਰਾਚੋਂ ਤੋਂ ਸੰਗਰੂਰ ਨੂੰ ਜਾਂਦੀ ਸੜਕ ‘ਤੇ ਪਿੰਡ ਬਲਵਾੜ ਨੇੜਿਓਂ ਲੰਘਦੇ ਸਰਹਿੰਦ ਚੋਅ ਦੀ ਪਟੜੀ ਉਪਰ ਪਿੰਡ ਘਰਾਚੋਂ ਦੇ ਇਕ ਕਿਸਾਨ ਨੇ ਆਪਣੇ ਖੇਤ ਨੂੰ ਜਾਣ ਸਮੇਂ ਪਟੜੀ ਉਪਰ ਤੇਂਦੂਏ ਵਰਗਾ ਇਕ ਜਾਨਵਰ ਦੇਖਣ ਸਬੰਧੀ ਸਥਾਨਕ ਪੁਲਸ ਨੂੰ ਸੂਚਨਾ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਘਰਾਚੋਂ ਨਿਵਾਸੀ ਕਿਸਾਨ ਹਰਪਾਲ ਸਿੰਘ ਉਰਫ ਪਾਲ ਬਾਬਾ ਨੇ ਉਸ ਦੇ ਖੇਤ ਨੂੰ ਜਾਣ ਵਾਲੇ ਰਸਤੇ ’ਚ ਉਕਤ ਜਾਨਵਰ ਦੇ ਪੈਰਾਂ ਦੀਆਂ ਪੈੜਾਂ ਦਿਖਾਉਂਦਿਆਂ ਦੱਸਿਆ ਕਿ ਬੀਤੇ ਦਿਨ ਸਵੇਰੇ ਕਰੀਬ 7 ਵਜੇ ਜਦੋਂ ਉਹ ਪਿੰਡ ਘਰਾਚੋਂ ਤੇ ਪਿੰਡ ਬਲਵਾੜ ਦੀ ਹੱਦ ‘ਤੇ ਸਥਿਤ ਆਪਣੇ ਖੇਤ ਨੂੰ ਜਾਣ ਲਈ ਆਪਣੇ ਮੋਟਰਸਾਈਕਲ ਤੇ ਇਥੋਂ ਲੰਘਦੇ ਸਰਹਿੰਦ ਚੋਅ ਦੀ ਪਟੜੀ ‘ਤੇ ਜਾ ਰਿਹਾ ਸੀ ਤਾਂ ਅੱਗੇ ਇਕ ਤੇਂਦੂਏ ਵਰਗੇ ਜਾਨਵਰ ਨੂੰ ਖੜ੍ਹਾ ਦੇਖ ਇਕਦਮ ਘਬਰਾ ਗਿਆ। ਉਸ ਨੇ ਤੁਰੰਤ ਆਪਣਾ ਮੋਟਰਸਾਈਕਲ ਵਾਪਸ ਮੋੜ ਲਿਆ ਤੇ ਪਿੰਡ ਆ ਕੇ ਇਸ ਦੀ ਸੂਚਨਾ ਫੋਨ ਰਾਹੀਂ ਪੁਲਸ ਨੂੰ ਦਿੱਤੀ ਤੇ ਇਸ ਸਬੰਧੀ ਪਿੰਡ ਵਾਸੀਆਂ ਨੂੰ ਵੀ ਇਸ ਦੀ ਜਾਣਕਾਰੀ ਦਿਤੀ, ਜਿਸ ਤੋਂ ਬਾਅਦ ਆਸ ਪਾਸ ਦੇ ਪਿੰਡਾਂ ’ਚ ਵੀ ਇਸ ਸਬੰਧੀ ਅਨਾਊਮੈਂਟ ਕਰਵਾ ਕੇ ਇਸ ਖੇਤਰ ਅੰਦਰ ਕੋਈ ਖੂੰਖਾਰ ਜਾਨਵਰ ਹੋਣ ਦੀ ਜਾਣਕਾਰੀ ਦਿੰਦਿਆਂ ਇਸ ਖੇਤਰ ’ਚ ਇਕੱਲੇ ਨਾ ਜਾਣ ਦੀ ਹਦਾਇਤ ਕੀਤੀ ਗਈ। ਇਸ ਸਬੰਧੀ ਸਥਾਨਕ ਥਾਣਾ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਪੁਲਸ ਚੈਕ ਪੋਸਟ ਘਰਾਚੋਂ ਦੇ ਇੰਚਾਰਜ ਕੁਲਵਿੰਦਰ ਸਿੰਘ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਹਰਪਾਲ ਸਿੰਘ ਵੱਲੋਂ ਇਸ ਸਬੰਧੀ ਮੋਬਾਇਲ ‘ਤੇ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਵੱਲੋਂ ਇਸ ਸਬੰਧੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਅਤੇ ਫਿਰ ਸਹਾਇਕ ਸਬ ਇੰਸਪੈਕਟਰ ਮੇਜਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਤੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਦੀ ਇਕ ਟੀਮ ਨੇ ਉਕਤ ਜਗ੍ਹਾਂ ’ਤੇ ਜਾ ਕੇ ਇਸ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।ਟੀਮ ਨੂੰ ਕੋਈ ਵੀ ਇਸ ਤਰ੍ਹਾਂ ਦਾ ਜਾਨਵਰ ਨਜ਼ਰ ਨਹੀਂ ਆਇਆ ਪਰ ਇਥੇ ਮੌਜੂਦ ਕਿਸੇ ਜਾਨਵਰ ਦੇ ਪੈਰਾਂ ਦੀਆਂ ਵੱਡੀਆਂ ਪੈੜਾਂ ਨੂੰ ਦੇਖ ਕੇ ਇਸ ਇਲਾਕੇ ‘ਚ ਜਾਨਵਰ ਦੇ ਹੋਣ ਦੀ ਗੱਲ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਇਥੇ ਨਿਗਰਾਨੀ ਰੱਖੀ ਜਾ ਰਹੀ ਹੈ।