ਕਰਜ਼ੇ ਦੇ ਬੋਝ ਹੇਠ ਦੱਬੇ ਨੇੜਲੇ ਪਿੰਡ ਝਨੇੜੀ ਦੇ ਇੱਕ ਗਰੀਬ ਮਜ਼ਦੂਰ ਨੇ ਬੀਤੀ ਰਾਤ ਗਲ ਫਾਹਾ ਲੈ ਕੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਭਵਾਨੀਗੜ੍ਹ (ਕ੍ਰਿਸ਼ਨ ਚੌਹਾਨ) : ਕਰਜ਼ੇ ਦੇ ਬੋਝ ਹੇਠ ਦੱਬੇ ਨੇੜਲੇ ਪਿੰਡ ਝਨੇੜੀ ਦੇ ਇੱਕ ਗਰੀਬ ਮਜ਼ਦੂਰ ਨੇ ਬੀਤੀ ਰਾਤ ਗਲ ਫਾਹਾ ਲੈ ਕੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਪਿੰਡ ਇਕਾਈ ਦੇ ਪ੍ਰਧਾਨ ਅਮਰੀਕ ਸਿੰਘ ਨੇ ਦੱਸਿਆ ਕਿ ਪਿੰਡ ਝਨੇੜੀ ਦੇ ਰਮਦਾਸੀਆਂ ਪਰਿਵਾਰ ਨਾਲ ਸਬੰਧਤ ਰਾਜ ਕੁਮਾਰ ਉਰਫ਼ ਰਾਜੂ ਪੁੱਤਰ ਸੁਖਦੇਵ ਸਿੰਘ ਜੋ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਜਿਸ ਨੇ ਬੀਤੀ ਰਾਤ ਘਰ ’ਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਜਿਸ ਦਾ ਪਤਾ ਅੱਜ ਸਵੇਰੇ ਲੱਗਿਆ। ਕਿਸਾਨ ਆਗੂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਜਿਵੇਂ ਹੀ ਇਸ ਮੰਦਭਾਗੀ ਘਟਨਾ ਬਾਰੇ ਪਤਾ ਲੱਗਿਆ ਤਾਂ ਮ੍ਰਿਤਕ ਦੇ ਘਰ ਅੱਗੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਸਿਰ 4 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਕਰਜ਼ੇ ਦੇ ਭਾਰ ਅਤੇ ਆਰਥਿਕ ਤੰਗੀ ਦੇ ਕਾਰਨ ਉਹ ਪਿਛਲੇ ਕਾਫੀ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ।ਮ੍ਰਿਤਕ ਆਪਣੇ ਪਿੱਛੇ ਪਤਨੀ ਸਮੇਤ 6 ਸਾਲ ਦੀ ਕੁੜੀ ਅਤੇ ਦੋ ਸਾਲ ਦਾ ਮੁੰਡਾ ਛੱਡ ਗਿਆ ਹੈ। ਇਸ ਵੇਲੇ ਸਾਰੇ ਪਿੰਡ ਵਾਸੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਮੁੱਚੀ ਇਕਾਈ ਦੇ ਆਗੂਆਂ ਵੱਲੋਂ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਮ੍ਰਿਤਕ ਪਰਿਵਾਰ ਦੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਉਸ ਦਾ ਸਾਰਾ ਕਰਜ਼ਾ ਮੁਆਫ਼ ਕਰਕੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।

error: Content is protected !!