ਨਵੀਂ ਦਿੱਲੀ 30 ਮਈ ( ਸਵਰਨ ਜਲਾਣ )
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋ ਖੇਤੀਬਾੜੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਟਿਕਰੀ ਬਾਰਡਰ ‘ਤੇ ਚੱਲ ਰਹੇ ਮੋਰਚੇ ਦੀ ਸਟੇਜ ਤੇ ਜੁੱੜੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਹੱਕੀ ਸੰਘਰਸ਼ ਕਰਨ ਵਾਲੇ ਲੋਕਾਂ ‘ਤੇ ਮੌਕੇ ਦੀਆਂ ਸਰਕਾਰਾਂ ਦਾ ਹਮੇਸਾ ਦੁਸਮਣੀ ਵਾਲਾ ਰਿਸਤਾ ਹੁੰਦਾ ਹੈ। ਇਹ ਰਿਸ਼ਤੇ ਦੀ ਲੋਕਾਂ ਨੇ ਪਛਾਣ ਕਰ ਲੈਣੀ ਮੋਰਚੇ ਦੀ ਵੱਡੀ ਪ੍ਰਾਪਤੀ ਹੈ। ਮੋਰਚੇ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਉਨ੍ਹਾਂ ਕਿਹਾ ਕਿ ਵੋਟ ਪਾਰਟੀਆਂ ਦਾ ਘੋਲ਼ ਪਿੱਛੇ ਘੜੀਸਿਆ ਜਾਣਾ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਜਿਸ ਨੇ ਖੇਤੀ ਵਿਰੋਧੀ ਬਿੱਲਾਂ ਦੇ ਪੱਖ ਵਿੱਚ ਦਸਤਖ਼ਤ ਕੀਤੇ ਹੋਏ ਹਨ ਅਤੇ ਉਸ ਨੂੰ ਸੰਘਰਸ਼ ਦੇ ਦਬਾਅ ਦੇ ਤਹਿਤ ਕੇਂਦਰੀ ਮੰਤਰੀ ਪਦ ਤੋਂ ਅਸਤੀਫ਼ਾ ਦੇਣਾ ਪਿਆ ਦੂਸਰੀਆਂ ਵੋਟ ਪਾਰਟੀਆਂ ਵਾਂਗੂੰ ਉਸ ਨੂੰ ਵੀ ਆਪਣੇ ਘਰ ਤੇ ਕਾਲਾ ਝੰਡਾ ਲਹਿਰਾ ਕੇ ਨਕਲੀ ਹੇਜ ਜਤਾਉਣਾ ਪਿਆ ।ਬੇਰੁਜ਼ਗਾਰੀ ਦੇ ਝੰਬੇ ਹੋਏ ਨੌਜਵਾਨਾਂ ਨੂੰ ਵੀ ਇਸ ਘੋਲ ਵਿੱਚੋਂ ਆਸ਼ਾ ਦੀ ਕਿਰਨ ਜਾਗਣ ਲੱਗੀ ਹੈ । ਇਸ ਘੋਲ ਸਦਕਾ ਲੱਚਰ ਸੱਭਿਆਚਾਰ ਦੇ ਉਲਟ ਹੁਣ ਟਰੈਕਟਰਾਂ, ਖੇਤਾਂ, ਵਿਆਹ ਸ਼ਾਦੀਆਂ ਵਿੱਚ ਕਿਸਾਨੀ ਦੇ ਗੀਤ ਗੂੰਜਣ ਲੱਗੇ ਹਨ ਅਤੇ ਕਿਸਾਨ ਜਥੇਬੰਦੀਆਂ ਦੇ ਝੰਡੇ ਝੂਲਦੇ ਹਨ ।ਉਨ੍ਹਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦਾ ਅਗਲਾ ਐਲਾਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਇਹ ਕਾਲੇ ਕਾਨੂੰਨ ਲਿਆਂਦਿਆਂ ਨੂੰ ਇੱਕ ਸਾਲ ਪੂਰਾ ਹੋਣ ਤੇ 5 ਜੂਨ ਨੂੰ ਪੂਰੇ ਭਾਰਤ ਵਿੱਚ ਬਣਾਏ ਹੋਏ ਖੇਤੀ ਸਬੰਧੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ, ਬਹੁਤ ਸਾਰੀਆਂ ਥਾਵਾਂ ਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ,ਵੱਡੇ ਵੱਡੇ ਮੌਲ ਘੇਰੇ ਜਾਣਗੇ ਅਤੇ ਕਾਰਪੋਰੇਟ ਘਰਾਣਿਆਂ ਦੇ ਖ਼ਿਲਾਫ਼ ਵੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਸੂਬਾ ਆਗੂ ਨੇ ਕਿਹਾ ਕਿ ਇਸ ਅੰਦੋਲਨ ਨਾਲ ਪੰਜਾਬ,ਹਰਿਆਣਾ,ਉੱਤਰ ਪ੍ਰਦੇਸ਼ ,ਰਾਜਸਥਾਨ ,ਤਾਮਿਲਨਾਡੂ, ਪੱਛਮੀ ਬੰਗਾਲ ਆਦਿ ਸੂਬਿਆਂ ਨਾਲ ਪਿਆਰ ਦੀ ਸਾਂਝ ਪੱਕੀ ਹੋਈ ਹੈ ਇਹ ਲੰਬੇ ਸੰਘਰਸ਼ ਦੀ ਦੇਣ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਪ੍ਰੋਫੈਸਰ ਅਤੇ ਕੁਦਰਤੀ ਸੋਮਿਆਂ ਦੇ ਮਾਹਿਰ ਹਰਮਨਜੀਤ ਸਿੰਘ ਕੈਨੇਡਾ ਨੇ ਕਿਹਾ ਵਿਕਸਿਤ ਮੁਲਕਾਂ ਵੱਲੋਂ ਜਦੋਂ ਪਾਣੀ ਦੇ ਸਰੋਤਾਂ ਸੰਬੰਧੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਦਾ ਖ਼ਿਆਲ ਰੱਖਿਆ ਜਾਂਦਾ ਹੈ ਪਰ ਇਸ ਦੇ ਉਲਟ ਸਾਡੇ ਭਾਰਤ ਵਰਗੇ ਮੁਲਕਾਂ ਵਿੱਚ ਇੱਥੋਂ ਦੀਆਂ ਸਰਕਾਰਾਂ ਦਾ ਇਨ੍ਹਾਂ ਮਾਮਲਿਆਂ ਵਿੱਚ ਕਾਰਪੋਰੇਟ ਘਰਾਣਿਆਂ ਦੇ ਪੱਖੀ ਹੋਣ ਕਰਕੇ ਬਿਲਕੁਲ ਹੀ ਕੋਈ ਧਿਆਨ ਨਹੀਂ ਦਿੱਤਾ ਜਾਂਦਾ।
ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਇਹ ਤਿੰਨ ਕਾਲੇ ਕਾਨੂੰਨ ਮਿਹਨਤੀ ਲੋਕਾਂ ਦਾ ਜਿਉਣਾ ਦੁੱਭਰ ਕਰ ਦੇਣਗੇ ਕਿਸਾਨ ਆਗੂ ਨੇ ਕਿਹਾ ਕਿ ਇਹ ਅੰਦੋਲਨ ਪੂਰੇ ਜ਼ਾਬਤੇ ਨਾਲ ਪੂਰੀ ਈਮਾਨਦਾਰੀ ਨਾਲ ਅਤੇ ਪੂਰੇ ਜੋਸ਼ ਹੋਸ਼ ਨਾਲ ਲੜਿਆ ਜਾ ਰਿਹਾ ਹੈ
ਅੱਜ ਦੀ ਸਟੇਜ ਦੀ ਕਾਰਵਾਈ ਨੌਜਵਾਨ ਆਗੂ ਯੁਵਰਾਜ ਸਿੰਘ ਘੁਡਾਣੀ ਨੇ ਨਿਭਾਈ।ਸਟੇਜ ਤੋਂ ਰਾਮ ਸਿੰਘ ਕੋਟਗੁਰੂ, ਮਨਪ੍ਰੀਤ ਸਿੰਘ ਬਹੋਨਾ ,ਗੁਰਦੇਵ ਸਿੰਘ ਕਿਸ਼ਨਪੁਰਾ, ਨਵਜੋਧ ਸਿੰਘ ਮਾਨਸਾ, ਨਾਹਰ ਸਿੰਘ ਗੁੰਮਟੀ ਆਦਿ ਨੇ ਵੀ ਸੰਬੋਧਨ ਕੀਤਾ।