ਸੰਗਰੂਰ (ਬਲਵਿੰਦਰ ਬਾਲੀ) ਜੇਕਰ ਮਨ ’ਚ ਕਿਸੇ ਮੁਕਾਮ ਨੂੰ ਹਾਸਲ ਕਰਨ ਲਈ ਦ੍ਰਿੜ੍ਹ ਇਰਾਦਾ ਕਰ ਲਿਆ ਜਾਵ ਤਾਂ ਉਹ ਜ਼ਰੂਰ ਹਾਸਲ ਕੀਤਾ ਜਾ ਸਕਦਾ ਹੈ। ਇਹੀ ਦ੍ਰਿੜ੍ਹ ਇਰਾਦੇ ਨਾਲ ਆਪਣੀ ਮੰਜ਼ਿਲ ਨੂੰ ਸਰ ਕੀਤਾ ਹੈ ਸੰਗਰੂਰ ਦੀ ਤਨਵੀ ਗਰਗ ਨੇ ਜੱਜ ਬਣ ਕੇ। ਬਿਜ਼ਨੈੱਸਮੈਨ ਪਰਿਵਾਰ ’ਚ ਜੰਮੀ ਪਲੀ ਅਤੇ ਆਪਣੀ ਪੜ੍ਹਾਈ ਪੂਰੀ ਲਗਨ ਦੇ ਨਾਲ ਕਰਦੇ ਹੋਏ ਅੱਜ ਇਸ ਬੱਚੀ ਨੇ ਆਪਣੇ ਜੱਜ ਬਣਨ ਦੇ ਸੁਪਨੇ ਨੂੰ ਪੂਰਾ ਕਰ ਦਿਖਾਇਆ ਹੈ। ਜੱਜ ਬਣ ਕੇ ਉਸ ਨੇ ਜ਼ਿਲ੍ਹਾ ਸੰਗਰੂਰ ਦੇ ਨਾਲ ਪੂਰੇ ਪੰਜਾਬ ’ਚ ਨਾਂ ਰੌਸ਼ਨ ਕਰ ਦਿੱਤਾ ਹੈ। ਜੱਜ ਬਣ ਆਪਣੇ ਘਰ ਪਰਤੀ ਤਨਵੀ ਗਰਗ ਦਾ ਘਰ ਪੁੱਜਣ ’ਤੇ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਤਨਵੀ ਗਰਗ ਨੇ ਕਿਹਾ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਉਸ ਵੱਲੋਂ ਬਹੁਤ ਮਿਹਨਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਇਸ ਮੁਕਾਮ ਤੱਕ ਪਹੁੰਚਣ ਵਿਚ ਪਰਿਵਾਰਕ ਮੈਂਬਰਾਂ ਅਤੇ ਟੀਚਰਾਂ ਦਾ ਅਹਿਮ ਯੋਗਦਾਨ ਰਿਹਾ ਹੈ। ਤਨਵੀ ਗਰਗ ਨੇ ਦੱਸਿਆ ਕਿ ਪਿਛਲੇ ਸਾਲ ਲਾਅ ਦੀ ਪੜ੍ਹਾਈ ਦੇ ਆਖਰੀ ਸਾਲ ’ਚ ਹੀ ਉਸ ਵਲੋਂ ਸਿਵਲ ਸਰਵਿਸਿਜ਼ ਜੁਡੀਸ਼ੀਅਲ ਦੀ ਪ੍ਰੀਖਿਆ ਦਿੱਤੀ ਗਈ ਤੇ ਵਧੀਆ ਰੈਂਕ ਲੈ ਕੇ ਹਰਿਆਣਾ ’ਚ ਜੱਜ ਬਣੀ। ਇਸ ਮੌਕੇ ਪਰਿਵਾਰਕ ਮੈਂਬਰ ਨੇ ਤਨਵੀ ਗਰਗ ਦਾ ਮੂੰਹ ਮਿੱਠਾ ਕਰਵਾ ਕੇ ਸਵਾਗਤ ਕੀਤਾ।