ਬਦਲਾਅ ਦੇ ਵੱਡੇ ਨਾਅਰੇ ਮਾਰ ਕੇ ਸੱਤਾ ’ਚ ਆਈ ‘ਆਪ’ ਦੀ ਸਰਕਾਰ-ਅਰਵਿੰਦ ਖੰਨਾ

ਭਵਾਨੀਗੜ੍ਹ (ਗੁਰਦੀਪ ਸਿਮਰ)- “ਬਦਲਾਅ ਦੇ ਵੱਡੇ ਨਾਅਰੇ ਮਾਰ ਕੇ ਸੱਤਾ ’ਚ ਆਈ ‘ਆਪ’ ਦੀ ਸਰਕਾਰ ਨੇ ਸੂਬੇ ਵਿੱਚ ਪਹਿਲੇ ਸਾਲ ’ਚ ਮੰਦਹਾਲੀ ਤੇ ਅਸ਼ਾਂਤੀ ਦਾ ਬਦਲਾਅ ਲਿਆਂਦਾ।” ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਵੱਲੋਂ ਅੱਜ ਪਿੰਡ ਬਖਤੜ੍ਹਾ ਵਿਖੇ ਨੌਜਵਾਨ ਆਗੂ ਭੁਪਿੰਦਰ ਸਿੰਘ ਦੇ ਘਰ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮਿਲਣੀ ਦੌਰਾਨ ਕੀਤਾ। ਖੰਨਾ ਨੇ ਕਿਹਾ ਕਿ ਮਾਨ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਹੀ ਨਾ ਸਿਰਫ਼ ਹਜ਼ਾਰਾਂ ਕਰੋੜਾਂ ਰੁਪਏ ਦੇ ਕਰਜੇ ਚੁੱਕੇ ਬਲਕਿ ਪੰਜਾਬ ਨੂੰ ਕੰਗਾਲੀ ਵੱਲ ਧੱਕ ਕੇ ਫੌਕੀ ਸ਼ੌਹਰਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ, ਮੁਲਾਜ਼ਮ, ਮਜ਼ਦੂਰ ਤੇ ਵਪਾਰੀ ਵਰਗ ਸੜਕਾਂ ’ਤੇ ਉੱਤਰ ਕੇ ਆਪਣਾ ਹੱਕ ਮੰਗਣ ਦੇ ਲਈ ਮਜਬੂਰ ਹੋ ਰਿਹਾ ਹੈ।ਨੌਜਵਾਨ ਪਹਿਲਾਂ ਨਾਲੋੰ ਜਿਆਦਾ ਨਸ਼ਿਆਂ ‘ਚ ਖਲਤਾਨ ਹੋ ਚੁੱਕੇ ਹਨ ਤੇ ਸੂਬੇ ਅੰਦਰ ਸਿੱਖਿਆ ਤੇ ਸਿਹਤ ਸਹੂਲਤਾਂ ਦਾ ਜਨਾਜ਼ਾ ਨਿਕਲ ਚੁੱਕਿਆ ਹੈ। ਖੰਨਾ ਨੇ ਸਰਕਾਰ ‘ਤੇ ਵਰਦਿਆਂ ਆਖਿਆ ਕਿ ‘ਆਪ’ ਦੀ ਸਰਕਾਰ ਸੂਬੇ ‘ਚ ਕਾਨੂੰਨ ਵਿਵਸਥਾ ’ਤੇ ਕਾਬੂ ਪਾਉਣ ਵਿੱਚ ਬੁਰੀ ਤਰ੍ਹਾਂ ਨਾਲ ਫੇਲ ਸ਼ਾਬਿਤ ਹੋ ਚੁੱਕੀ ਹੈ। ਉਨ੍ਹਾਂ 2024 ਦੀਆਂ ਚੋਣਾਂ ‘ਚ ਮੁੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਬਣਨ ਦਾ ਦਾਅਵਾ ਕਰਦਿਆਂ ਕਿਹਾ ਕਿ ਪੂਰਾ ਦੇਸ਼ ਪ੍ਰਧਾਨ ਮੰਤਰੀ ਦੀਆਂ ਲੋਕਪੱਖੀ ਨੀਤੀਆਂ ਤੋਂ ਬਾਗੋਬਾਗ ਹੈ। ਇਸ ਮੌਕੇ ਨੇਤਰਪਾਲ ਸਾਬਕਾ ਸਰਪੰਚ, ਗੁਰਤੇਜ ਝਨੇੜੀ, ਦੀਦਾਰ ਸਿੰਘ, ਪਾਰਸ ਰਾਣਾ, ਕਾਲਾ ਸਿੰਘ, ਬੰਟੀ ਸਿੰਘ ਤੇ ਸੁਰੇਸ਼ ਕੁਮਾਰ ਆਦਿ ਪਾਰਟੀ ਵਰਕਰ ਹਾਜ਼ਰ ਸਨ।

error: Content is protected !!