ਵਿਆਹ ਸਮਾਗਮ ਵਿੱਚ ਬਿਨ ਬੁਲਾਏ ਵਿਅਕਤੀ ਨੇ ਤੇਜ ਧਾਰ ਹਥਿਆਰਾਂਨਾ ਕੀਤਾ ਹਮਲਾ।

ਭਵਾਨੀਗੜ੍ਹ (ਕ੍ਰਿਸ਼ਨ ਚੌਹਾਣ ) : ਨੇੜਲੇ ਪਿੰਡ ਛੋਟੀ ਬਲਿਆਲ ਵਿਖੇ ਇਕ ਵਿਆਹ ਸਮਾਗਮ ’ਚ ਬਿਨਾਂ ਬਲਾਏ ਸ਼ਾਮਲ ਹੋਏ ਵਿਅਕਤੀਆਂ ਵੱਲੋਂ ਸਮਾਗਮ ’ਚ ਰੌਲਾ ਪਾ ਕੇ ਮਾਹੌਲ ਖ਼ਰਾਬ ਕਰਨ ਮੌਕੇ ਇਸ ਤਰ੍ਹਾਂ ਕਰਨ ਤੋਂ ਰੋਕਣ ਵਾਲੇ ਵਿਅਕਤੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰਨ ਦੇਣ ਦੇ ਦੋਸ਼ ਹੇਠ ਪੁਲਸ ਵਲੋਂ 3 ਵਿਅਕਤੀਆਂ ਵਿਰੁੱਧ ਮਾਮਲਾ ਦਰਜ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਛੋਟੀ ਬਲਿਆਲ ਵਾਸੀ ਕਾਲਾ ਸਿੰਘ ਪੁੱਤਰ ਲਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਇਕ ਕੁੜੀ ਦਾ ਵਿਆਹ ਸੀ ਤੇ ਵਿਆਹ ਸਮਾਗਮ ਦੌਰਾਨ ਉਹ ਵੀ ਉਥੇ ਮੌਜੂਦ ਸੀ। ਇਸ ਦੌਰਾਨ ਵਿਆਹ ਸਮਾਗਮ ’ਚ ਸ਼ਾਮਲ ਹੋਏ ਕੁਝ ਬਿਨ ਬੁਲਾਏ ਵਿਅਕਤੀਆਂ, ਜਿਨ੍ਹਾਂ ’ਚ ਇਕ ਨਿਹੰਗ ਸਿੰਘ ਵੀ ਸ਼ਾਮਲ ਸੀ, ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।ਵਿਆਹ ਦਾ ਮਾਹੌਲ ਖ਼ਰਾਬ ਹੁੰਦਾ ਦੇਖ, ਜਦੋਂ ਅਸੀ ਉਕਤ ਵਿਅਕਤੀਆਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ‘ਚ ਸ਼ਾਮਲ ਚਰਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ, ਸੋਮ ਨਾਥ ਪੁੱਤਰ ਚੰਨਾ ਰਾਮ ਦੋਵੇਂ ਵਾਸੀ ਛੋਟੀ ਬਲਿਆਲ ਅਤੇ ਗੱਗੂ ਨਿਹੰਗ ਵਾਸੀ ਖ਼ਨਾਲ ਕਲਾਂ ਅਤੇ ਹੋਰ ਵਿਅਕਤੀਆਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਮੌਕੇ ‘ਤੇ ਲੋਕਾਂ ਦਾ ਇਕੱਠ ਹੁੰਦਾ ਦੇਖ ਉਕਤ ਹਮਲਾਵਰ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਕਾਲਾ ਸਿੰਘ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਨੂੰ ਉਸ ਨੂੰ ਜ਼ਖ਼ਮੀ ਹਾਲਤ ’ਚ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ। ਪੁਲਸ ਨੇ ਕਾਲਾ ਸਿੰਘ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਚਰਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ, ਸੋਮ ਨਾਥ ਪੁੱਤਰ ਚੰਨਾ ਰਾਮ ਦੋਵੇਂ ਵਾਸੀ ਛੋਟੀ ਬਲਿਆਲ ਅਤੇ ਗੱਗੂ ਨਿਹੰਗ ਵਾਸੀ ਖ਼ਨਾਲ ਕਲਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!