ਨਵੀਂ ਦਿੱਲੀ 11 ਜੂਨ(ਸਵਰਨ ਜਲਾਣ)
ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੇ ਆਲੇ-ਦੁਆਲੇ ਦੀਆਂ ਹੱਦਾਂ ‘ਤੇ ਚੱਲ ਰਹੇ ਅੰਦੋਲਨ ਅੰਦਰ ਟਿਕਰੀ ਬਾਰਡਰ ‘ਤੇ ਗਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਸੰਚਾਲਨ ਦੀ ਭੂਮਿਕਾ ਨੌਜਵਾਨਾਂ ਰਾਹੀਂ ਬਾਖੂਬੀ ਚਲਵਾਉਂਦਿਆਂ ਪੰਡਾਲ ‘ਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਤਿੰਨੇ ਖੇਤੀ ਕਾਨੂੰਨਾਂ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ ਜਿਵੇਂ ਕਿ ਕੇਂਦਰ ਦੀ ਸਰਕਾਰ ਪਿਛਲੇ ਕਈ ਸਾਲਾਂ ਤੋਂ 22 ਫ਼ਸਲਾਂ ਤੇ ਐੱਮਐੱਸਪੀ ਰੇਟ ‘ਚ ਥੋੜ੍ਹਾ ਬਹੁਤਾ ਵਾਧਾ ਕਰਦੀ ਸੀ ਤੇ ਬਹੁਤੀਆਂ ਫਸਲਾਂ ਦੀ ਸਰਕਾਰੀ ਖਰੀਦ ਵੀ ਕੀਤੀ ਜਾਂਦੀ ਸੀ ਪਰ ਪਿਛਲੇ ਦਿਨਾਂ ‘ਚ ਕੇਂਦਰ ਸਰਕਾਰ ਨੇ14 ਫ਼ਸਲਾਂ ‘ਤੇ ਐੱਮਐੱਸਪੀ ਰੇਟ ਐਲਾਨ ਕੇ 8 ਜਿਣਸਾਂ ਦੀ ਖ਼ਰੀਦ ਐਮਐਸਪੀ ਤੋਂ ਵਾਂਝੀ ਕਰ ਦਿੱਤੀ ਹੈ।ਇਸ ‘ਚੋਂ ਵੀ ਗਰੰਟੀ ਸਿਰਫ਼ 2 ਫ਼ਸਲਾਂ ਦੀ ਕਣਕ, ਝੋਨਾ ਉਹ ਵੀ ਸਿਰਫ 2 ਰਾਜਾਂ ਪੰਜਾਬ ਅਤੇ ਹਰਿਆਣਾ ‘ਚ ਲਾਗੂ ਕੀਤੀ ਜਾਂਦੀ ਰਹੀ ਹੈ।ਭਾਰਤ ਦੇ ਬਾਕੀ ਸੂਬਿਆਂ ‘ਚ ਫਸਲਾਂ ਕੌਡੀਆਂ ਦੇ ਭਾਅ ਖ਼ਰੀਦੀਆਂ ਜਾ ਰਹੀਆਂ ਹਨ।ਇਸੇ ਕਾਰਨ ਪ੍ਰਾਈਵੇਟ ਵਪਾਰੀ ਸਸਤੇ ਭਾਅ ਖਰੀਦ ਕੇ ਪੰਜਾਬ ਅਤੇ ਹਰਿਆਣਾ ‘ਚ ਲਿਆ ਕੇ ਪੂਰੇ ਰੇਟ ‘ਤੇ ਵੇਚਦੇ ਹਨ। ਕਿਸਾਨ ਆਗੂ ਨੇ ਕਿਹਾ ਕਿ ਐੱਮਐੱਸਪੀ ਰੇਟ 22 ਫ਼ਸਲਾਂ ਤੋਂ ਘਟਾ ਕੇ 14 ਫ਼ਸਲਾਂ ਦਾ ਐੱਮਐੱਸਪੀ ਮੁੱਲ ਨਿਰਧਾਰਤ ਕਰਨ ਦੀ ਜਥੇਬੰਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦੀ ਹੈ ਅਤੇ ਸਰਕਾਰ ਨੂੰ ਸੁਣਾਉਣੀ ਕਰਦੀ ਹੈ ਕਿ ਭਾਰਤ ‘ਚ ਕੁੱਲ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਕੇ ਸਰਕਾਰੀ ਖ਼ਰੀਦ ਦੀ ਗਰੰਟੀ ਕੀਤੀ ਜਾਵੇ।
ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ‘ਚ ਝੋਨੇ ਦੀ ਲਵਾਈ ਦਾ ਸੀਜ਼ਨ ਹੋਣ ਕਰਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਮਜ਼ਦੂਰਾਂ ਅਤੇ ਕਿਸਾਨਾਂ ‘ਚ ਝੋਨੇ ਦੀ ਲਵਾਈ ਦੇ ਰੇਟ ਨੂੰ ਲੈ ਕੇ ਆਪੋ ਆਪਣੇ ਸੈੱਲਾਂ ਰਾਹੀਂ ਦੋਨੇਂ ਧਿਰਾਂ ਵੱਲੋਂ ਮਤੇ ਪਵਾਏ ਜਾ ਰਹੇ ਹਨ।ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਆਪਸੀ ਸਾਂਝ ਟੁੱਟਣ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰਨਗੀਆਂ।ਦੋਨੇਂ ਧਿਰਾਂ ਮਿਲ ਬੈਠ ਕੇ ਮਸਲੇ ਦਾ ਹੱਲ ਕਰਨ ਲਈ ਇੱਕ- ਜੁੱਟ ਹੋਣ।
ਹਰਿਆਣੇ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਨੌਜਵਾਨ ਆਗੂ ਮੋਹਿਤ ਸਿਧਾਣੀ ਨੇ ਨੌਜਵਾਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਲੈ ਕੇ ਅੱਜ ਤੱਕ ਦੇ ਕ੍ਰਾਂਤੀਕਾਰੀ ਯੋਧਿਆਂ ਤੋਂ ਸੇਧ ਲੈ ਕੇ ਸਾਨੂੰ ਸ਼ਾਂਤਮਈ ਸੰਘਰਸ਼ਾਂ ਦੇ ਮੈਦਾਨ ‘ਚ ਉਤਰਨ ਦੀ ਲੋੜ ਹੈ।
ਨੌਜਵਾਨ ਆਗੂ ਯੁਵਰਾਜ ਸਿੰਘ ਘੁਢਾਣੀ,ਮਾਸਟਰ ਗਗਨਦੀਪ ਸਿੰਘ ਛਾਜਲੀ ਅਤੇ ਮਨਪ੍ਰੀਤ ਸਿੰਘ ਸਿੰਘੇਵਾਲਾ ਨੇ ਕਿਹਾ ਕਿ ਮੋਦੀ ਹਕੂਮਤ ਆਰਥਿਕ ਸੁਧਾਰਾਂ ਦੇ ਨਾਂ ‘ਤੇ ਇਨ੍ਹਾਂ ਕਾਨੂੰਨਾਂ ਰਾਹੀਂ ਖੇਤੀ ਦਾ ਨਵਾਂ ਮਾਡਲ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ।ਇਹ ਮਾਡਲ ਕਾਰਪੋਰੇਟ ਘਰਾਣਿਆਂ ਵੱਲੋਂ ਸੰਸਾਰ ਦੇ ਬਹੁਤ ਸਾਰੇ ਮੁਲਕਾਂ ‘ਚ ਲਾਗੂ ਕੀਤੇ ਜਾ ਚੁੱਕੇ ਹਨ ਜਿਸ ਦੀ ਸਭ ਤੋਂ ਵੱਡੀ ਉਦਾਹਰਣ ਅਮਰੀਕਾ ਨਾਲ ਲੱਗਦੇ ਮੈਕਸੀਕੋ ‘ਚ ਲਾਗੂ ਕਰਕੇ ਉਥੋਂ ਦੀ ਖੇਤੀ ਨੂੰ ਤਬਾਹ ਕੀਤਾ ਜਾ ਚੁੱਕਾ ਹੈ।
ਉਥੋਂ ਦੇ ਕਿਰਤੀ ਲੋਕਾਂ ਨੂੰ ਇਸ ਦਾ ਬਦਲਵਾਂ ਹੱਲ ਕੋਈ ਵੀ ਨਹੀਂ ਲੱਭ ਰਿਹਾ ਅਤੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਕੇ ਮਰ ਰਹੇ ਹਨ।ਸਟੇਜ ਤੋਂ ਕ੍ਰਿਸ਼ਨ ਛੰਨਾਂ (ਬਰਨਾਲਾ) ਅਤੇ ਜਸਕਰਨ ਸਿੰਘ ਮਾਨਸਾ ਨੇ ਵੀ ਸੰਬੋਧਨ ਕੀਤਾ।