( ਸਵਰਨ ਜਲਾਣ )
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਜਥੇਬੰਦੀ ਕਾਲੇ ਖੇਤੀ ਕਾਨੂੰਨਾਂ ਸਮੇਤ ਬਿਜਲੀ ਬਿਲ2020 ਅਤੇ ਪਰਾਲ਼ੀ ਆਰਡੀਨੈਂਸ ਰੱਦ ਕਰਾਉਣ, ਐਮ ਐਸ ਪੀ ‘ਤੇ ਫ਼ਸਲਾਂ ਦੀ ਸਰਕਾਰੀ ਖ਼ਰੀਦ ਅਤੇ ਸਰਵਜਨਕ ਪੀ ਡੀ ਐੱਸ ਦਾ ਕਾਨੂੰਨੀ ਹੱਕ ਲੈਣ ਸਮੇਤ ਸੰਘਰਸ਼ ਦੀਆਂ ਸਭਨਾਂ ਮੰਗਾਂ ਦੀ ਪ੍ਰਾਪਤੀ ਖਾਤਰ ਸੰਘਰਸ਼ ਦੇ ਰਾਹ ‘ਤੇ ਡਟੇ ਰਹਿਣ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ। ਜਥੇਬੰਦੀ ਦੀ ਸੂਬਾ ਕਮੇਟੀ ਦੀ ਤਰਫੋਂ ਸਾਂਝਾ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਜਥੇਬੰਦੀ ਬਾਰੇ ਨਿਰ-ਅਧਾਰ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਤੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਹ ਕਾਨੂੰਨ ਰੱਦ ਕਰਾਉਣ ਤੋਂ ਬਿਨਾਂ ਹੀ ਸੰਘਰਸ਼ ਖ਼ਤਮ ਕਰ ਦੇਣਗੇ। ਅਜਿਹਾ ਪ੍ਰਚਾਰ ਸੰਘਰਸ਼ਸ਼ੀਲ ਜਥੇਬੰਦੀਆਂ ਅੰਦਰ ਵਖਰੇਵੇਂ ਪੈਦਾ ਕਰਨ ਤੇ ਜੂਝਦੇ ਲੋਕਾਂ ਅੰਦਰ ਘਚੋਲਾ ਪਾਉਣ ਦੀ ਨਾਕਾਮ ਕੋਸ਼ਿਸ਼ ਤੋਂ ਵੱਧ ਕੁੱਝ ਨਹੀਂ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨਾ ਸਿਰਫ਼ ਨਵੇਂ ਖੇਤੀ ਕਾਨੂੰਨਾਂ ਦੇ ਸਾਮਰਾਜੀ ਹੱਲੇ ਖ਼ਿਲਾਫ਼ ਡਟੀ ਖੜ੍ਹੀ ਹੈ ਸਗੋਂ ਪਹਿਲਾਂ ਹੀ ਖੇਤੀ ਖੇਤਰ ਵਿੱਚੋਂ ਬਹੁਕੌਮੀ ਸਾਮਰਾਜੀ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਲੁੱਟ ਦੇ ਖਾਤਮੇ ਲਈ ਵੀ ਸੰਘਰਸ਼ ਕਰਦੀ ਆ ਰਹੀ ਹੈ। ਇਸ ਸੰਘਰਸ਼ ਅੰਦਰ ਨਾ ਸਿਰਫ਼ ਦਿੱਲੀ ਮੋਰਚੇ ‘ਚ ਉਨ੍ਹਾਂ ਦੀ ਅਗਵਾਈ ਹੇਠ ਦਹਿ ਹਜ਼ਾਰਾਂ ਕਿਸਾਨ ਜੁਟੇ ਹੋਏ ਹਨ ਸਗੋਂ ਇਸ ਦੇ ਨਾਲੋ ਨਾਲ ਪੰਜਾਬ ਅੰਦਰ ਵੀ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰਾਂ ਦੇ ਘਿਰਾਓ ਐਕਸ਼ਨਾਂ ਦੁਆਰਾ ਹਕੂਮਤ ‘ਤੇ ਦਬਾਅ ਬਣਾ ਕੇ ਰੱਖਿਆ ਹੋਇਆ ਹੈ। ਇਹ ਦਬਾਅ ਹੋਰ ਵਧਾਉਣ ਲਈ ਆਉਂਦੇ ਦਿਨਾਂ ਚ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰਾਂ ਦਾ ਕਾਫੀਆ ਹੋਰ ਤੰਗ ਕੀਤਾ ਜਾਵੇਗਾ। ਇਹਨਾਂ ਐਕਸ਼ਨਾਂ ਦੇ ਚਲਦਿਆਂ ਹੀ ਸੂਬੇ ਅੰਦਰ ਵੱਡੇ ਜਨਤਕ ਇਕੱਠਾਂ ‘ਚ ਹਕੂਮਤੀ ਸਾਮਰਾਜੀ ਨੀਤੀਆਂ ਵਿਰੁੱਧ ਵਿਆਪਕ ਜਾਗਰੂਕਤਾ ਰਾਹੀਂ ਲੋਕਾਂ ਦੇ ਜੂਝਣ ਇਰਾਦੇ ਤੇ ਸੰਘਰਸ਼ ਭਾਵਨਾ ਨੂੰ ਹੋਰ ਪ੍ਰਚੰਡ ਕੀਤਾ ਜਾ ਰਿਹਾ ਹੈ। ਵੱਡੀਆਂ ਜਨਤਕ ਪ੍ਰਚਾਰ ਮੁਹਿੰਮਾਂ ਰਾਹੀਂ ਸੰਘਰਸ਼ ਅੰਦਰ ਉੱਭਰਦੇ ਸਵਾਲਾਂ ਨੂੰ ਸੰਬੋਧਿਤ ਹੁੰਦਿਆਂ ਸੰਘਰਸ਼ ਦੇ ਵਿਕਾਸ ਲਈ ਲੋਕਾਂ ਦੀ ਸੰਘਰਸ਼ ਚੇਤਨਾ ਅੰਦਰ ਠੀਕ ਪੈਂਤੜਿਆਂ ਦਾ ਸੰਚਾਰ ਕੀਤਾ ਜਾ ਰਿਹਾ ਹੈ। ਹਰ ਤਰ੍ਹਾਂ ਦੇ ਪਾਟਕ-ਪਾਊ ਤੇ ਫਿਰਕੂ ਪੈਂਤੜਿਆਂ ਦੀ ਕਾਟ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹੋਰਨਾਂ ਤਬਕਿਆਂ ਦਾ ਇਸ ਸੰਘਰਸ਼ ਦੀਆਂ ਮੰਗਾਂ ਨਾਲ ਸਰੋਕਾਰ ਜਗਾਉਣ ਲਈ ਵੀ ਗੰਭੀਰ ਯਤਨ ਕੀਤੇ ਜਾ ਰਹੇ ਹਨ ਤੇ ਕਾਲੇ ਕਨੂੰਨ ਰੱਦ ਕਰਵਾਉਣ ਤੱਕ ਮੌਜੂਦਾ ਸੰਘਰਸ਼ ਤੇ ਅਜਿਹੇ ਸਿਰਤੋੜ ਯਤਨ ਜਾਰੀ ਰੱਖੇ ਜਾਣਗੇ। ਸੂਬੇ ਦੇ ਕਿਸਾਨੀ ਤੇ ਲੋਕ ਸੰਘਰਸ਼ਾਂ ਚ ਮੋਹਰੀ ਸ਼ਕਤੀ ਵਜੋਂ ਨਿਭਦੀ ਆ ਰਹੀ ਸਾਡੀ ਜਥੇਬੰਦੀ ਵੱਲੋਂ ਅਜਿਹੀ ਸਿਰ-ਧੜ ਦੀ ਬਾਜ਼ੀ ਵਾਲੇ ਸੰਘਰਸ਼ ਵਿੱਚੋਂ ਪਿੱਛੇ ਹਟਣ ਦਾ ਸਵਾਲ ਵੀ ਕਿਵੇਂ ਪੈਦਾ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਵੱਖ ਵੱਖ ਪੜਾਵਾਂ ‘ਚੋਂ ਗੁਜ਼ਰਦਾ ਹੋਇਆ ਮੌਜੂਦਾ ਦੇਸ਼ਵਿਆਪੀ ਪੜਾਅ ਤੱਕ ਪੁੱਜਿਆ ਹੈ। ਸਾਮਰਾਜੀ ਦਿਸ਼ਾ ਨਿਰਦੇਸ਼ਤ ਆਰਥਕ ਸੁਧਾਰਾਂ ਪ੍ਰਤੀ ਮੋਦੀ ਹਕੂਮਤ ਦੀ ਗੂੜ੍ਹੀ ਵਫ਼ਾਦਾਰੀ ਹੋਣ ਕਾਰਨ ਇਹ ਸੰਘਰਸ਼ ਇਕ ਲੰਮਾ ਸੰਘਰਸ਼ ਬਣਦਾ ਹੈ, ਜਿਸਨੂੰ ਅਜੇ ਹੋਰ ਵੀ ਵੱਖ ਵੱਖ ਪੜਾਵਾਂ ‘ਚੋਂ ਗੁਜ਼ਰਨਾ ਪੈ ਸਕਦਾ ਹੈ।
ਦੋਹਾਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਹੁਣ ਤੱਕ ਸਾਂਝੇ ਸੰਘਰਸ਼ ਅੰਦਰ ਸਾਂਝ ਦੀ ਭਾਵਨਾ ਨੂੰ ਵੱਧ ਤੋਂ ਵੱਧ ਉਭਾਰਨ ਤੇ ਮਜ਼ਬੂਤ ਕਰਨ ਲਈ ਯਤਨਸ਼ੀਲ ਰਹੀ ਹੈ। ਸਮੁੱਚੇ ਸੰਘਰਸ਼ ਦੌਰਾਨ ਬਾਕੀ ਸੰਘਰਸ਼ਸ਼ੀਲ ਜਥੇਬੰਦੀਆਂ ਨਾਲ ਵੱਧ ਤੋਂ ਵੱਧ ਤਾਲਮੇਲ ‘ਚ ਚੱਲਣ ਲਈ ਯਤਨਸ਼ੀਲ ਰਹੀ ਹੈ। ਇਸ ਤੋਂ ਅਗਲੇ ਮੋੜਾਂ ਉਪਰ ਵੀ ਸੰਯੁਕਤ ਮੋਰਚੇ ਦੀਆਂ ਸਭਨਾਂ ਸੰਘਰਸ਼ਸ਼ੀਲ ਜਥੇਬੰਦੀਆਂ ਨਾਲ ਸਲਾਹ ਮਸ਼ਵਰੇ ਮਗਰੋਂ ਹੀ ਕੋਈ ਫੈਸਲਾ ਲਵੇਗੀ। ਉਨ੍ਹਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਸੱਦਾ ਦਿੱਤਾ ਕਿ ਉਹ 21 ਮਾਰਚ ਨੂੰ ਸੁਨਾਮ (ਸੰਗਰੂਰ) ਵਿੱਚ ਕੀਤੀ ਜਾ ਰਹੀ ਵਿਸ਼ਾਲ ਨੌਜਵਾਨ ਕਾਨਫ਼ਰੰਸ ਵਿਚ ਵਹੀਰਾਂ ਘੱਤ ਕੇ ਪੁੱਜਣ ਤੇ 23 ਮਾਰਚ ਨੂੰ ਦਿੱਲੀ ਮੋਰਚਿਆਂ ਉਪਰ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਅਗਲੇ ਦਿਨ ਵੱਡੇ ਕਾਫਲੇ ਦੇ ਰੂਪ ਵਿੱਚ ਦਿੱਲੀ ਟਿਕਰੀ ਬਾਰਡਰ ਲਈ ਰਵਾਨਾ ਹੋਣ। ਆਗੂਆਂ ਨੇ ਸਮੂਹ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ 26 ਤਾਰੀਕ ਦੇ ਭਾਰਤ ਬੰਦ ਦੇ ਐਕਸ਼ਨ ਨੂੰ ਸਫਲ ਕਰਨ ਲਈ ਵੀ ਜ਼ੋਰਦਾਰ ਤਿਆਰੀਆਂ ਵਿਚ ਜੁੱਟ ਜਾਣ।