ਨਵਾਂਸ਼ਹਿਰ (ਪਰਮਿੰਦਰ ਨਵਾਂਸ਼ਹਿਰ) ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਮਹਿੰਗੀ ਬਿਜਲੀ ਖਿਲਾਫ ਸ਼ੁਰੂ ਕੀਤੇ ਬਿਜ਼ਲੀ ਅੰਦੋਲਨ ਤਹਿਤ ਹਲਕਾ ਨਵਾਂਸ਼ਹਿਰ ਤੋਂ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸੂਬਾ ਸੰਯੁਕਤ ਸਕੱਤਰ ਸਤਨਾਮ ਸਿੰਘ ਜਲਵਾਹਾ ਜੀ ਦੀ ਅਗਵਾਈ ਹੇਠ ਅੱਜ ਨਵਾਂਸ਼ਹਿਰ ਹਲਕੇ ਦੇ ਪਿੰਡ ਭਾਰਟਾ ਕਲਾਂ,ਭਾਰਟਾ ਖ਼ੁਰਦ, ਰਾਹੋਂ, ਤਲਵੰਡੀ ਸੀਬੂ ਅਤੇ ਮਿਰਜ਼ਾਪੁਰ ਆਦਿ ਵੱਖ-ਵੱਖ ਪਿੰਡਾਂ ਵਿੱਚ ਬਿਜਲੀ ਅੰਦੋਲਨ ਤਹਿਤ ਬਿਜਲੀ ਬਿੱਲ ਸਾੜਕੇ ਸੰਕੇਤਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਦੀ ਹੋ ਰਹੀ ਸਰਕਾਰੀ ਲੁੱਟ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਤਨਾਮ ਸਿੰਘ ਜਲਵਾਹਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਪੈਦਾ ਕਰਨ ਦੇ ਬਾਵਜੂਦ ਵੀ ਬਾਕੀ ਸੂਬਿਆਂ ਨਾਲੋਂ ਮਹਿੰਗੀ ਬਿਜਲੀ ਦੇਕੇ ਸਿਧਾ ਸਿਧਾ ਕੈਪਟਨ ਸਰਕਾਰ ਲੋਕਾਂ ਦੀਆਂ ਜੇਬਾਂ ਉੱਤੇ ਡਾਕਾ ਮਾਰ ਰਹੀ ਹੈ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਪੰਜਾਬ ਕੋਲ਼ੋਂ ਬਿਜਲੀ ਮੁੱਲ ਖਰੀਦਕੇ ਹਰ ਘਰ ਨੂੰ 200 ਯੂਨਿਟ ਪ੍ਰਤੀ ਮਹੀਨਾ ਫਰੀ ਦੇ ਰਹੀ ਹੈ। ਪੰਜਾਬ ਵਿੱਚ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਕਾਂਗਰਸ ਦੋਨਾਂ ਸਰਕਾਰਾਂ ਵੱਲੋਂ ਵਾਰੋਂ ਵਾਰੀ ਜੋ ਦੋ ਮਹੀਨੇ ਦਾ ਇਕੱਠਾ ਬਿੱਲ ਭੇਜਕੇ ਲੋਕਾਂ ਨਾਲ ਬਹੁਤ ਵੱਡੀ ਲੁੱਕਵੀਂ ਲੁੱਟ ਕੀਤੀ ਜਾ ਰਹੀ ਹੈ ਉਸ ਲੁੱਟ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉੱਤੇ ਬੰਦ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾਵੇਗੀ। ਅੱਜ ਪੰਜਾਬ ਦਾ ਹਰ ਵਰਗ ਕੈਪਟਨ ਅਤੇ ਬਾਦਲ ਪਰਿਵਾਰ ਵੱਲੋਂ ਪਿਛਲੇ 73ਸਾਲਾਂ ਤੋਂ ਹਰ ਖੇਤਰ ਵਿੱਚ ਕੀਤੀ ਬੇਹਤਾਸ਼ਾ ਲੁੱਟ ਕਾਰਨ ਬਰਬਾਦੀ ਦੇ ਕੰਢੇ ਉੱਤੇ ਖੜ੍ਹੇ ਹੋਣ ਲਈ ਮਜਬੂਰ ਹੈ ਅਤੇ ਖਾਸਕਰ ਮੱਧ ਵਰਗ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਪਟਨ ਸਰਕਾਰ ਵੱਲੋਂ 85% ਵਾਅਦੇ ਪੂਰੇ ਕਰਨ ਵਾਲੇ ਫਲੈਕਸ ਬੋਰਡ ਪੂਰੇ ਪੰਜਾਬ ਵਿਚ ਲਗਾਏ ਗਏ ਹਨ ਅਤੇ ਬਿਜਲੀ ਯੂਨਿਟ 5 ਰੁਪਏ ਵਾਲੇ ਵੀ ਬੋਰਡ ਲਗਾਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਦੋਂ ਕਿ ਅੱਜ ਵੀ ਲੋਕਾਂ ਨੂੰ 10ਰੁਪਏ ਪ੍ਰਤੀ ਯੂਨਿਟ ਪੈਂਦੀ ਹੈ। ਪੰਜਾਬ ਦੇ ਬੱਚੇ ਬੱਚੇ ਨੂੰ ਪਤਾ ਹੈ ਕਿ ਇਹ ਫਲੈਕਸ ਬੋਰਡ ਉਸੇ ਪ੍ਰਸ਼ਾਂਤ ਕਿਸ਼ੋਰ ਦੇ ਦਿਮਾਗ ਦੀ ਦੇਣ ਹੈ ਜਿਸ ਨੇ 2017 ਵਿੱਚ ਝੂਠ ਦਾ ਪੁਲੰਦਾ ਸਾਬਿਤ ਹੋਏ ਕੈਪਟਨ ਸਾਬ ਦੇ ਮੈਨੀਫੈਸਟੋ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠੇ ਵਾਅਦੇ ਕਰੇ ਸਨ। ਪੰਜਾਬ ਦੇ ਲੋਕ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਵੱਲੋਂ ਕੀਤੇ ਇਤਿਹਾਸਕ ਕੰਮਾਂ ਨੂੰ ਦੇਖ ਚੁੱਕੇ ਹਨ, ਇਸ ਲਈ ਹੁਣ ਉਹ ਗੁੰਮਰਾਹ ਹੋਣ ਵਾਲੇ ਨਹੀਂ ਹਨ। ਕਿਸਾਨ ਅੰਦੋਲਨ ਵਿੱਚ ਦੇਸ਼ ਦੀ ਇਕਲੌਤੀ ਰਾਜਨੀਤਕ ਪਾਰਟੀ ਆਮ ਆਦਮੀ ਪਾਰਟੀ ਵਲੋਂ ਜਿਸ ਤਰ੍ਹਾਂ ਤਨ ਮਨ ਧਨ ਨਾਲ ਕਿਸਾਨੀ ਸੰਘਰਸ਼ ਦਾ ਡੱਟਕੇ ਸਾਥ ਦਿੱਤਾ ਗਿਆ ਹੈ ਉਸ ਕਰਕੇ ਵੀ ਪੰਜਾਬ ਦੇ ਲੋਕ ਆਪ ਦੀ ਸਰਕਾਰ ਬਣਾਉਣ ਲਈ ਪੱਬਾਂ ਭਾਰ ਹੋਏ ਪਏ ਹਨ। ਬਿਜਲੀ ਅੰਦੋਲਨ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਦਵਿੰਦਰ ਸਿੰਘ ਭਾਰਟਾ, ਜਸਕਰਨ ਭਾਰਟਾ, ਛੋਟੂ ਮਿਸਤਰੀ, ਦੇਸ ਰਾਜ, ਜੋਗੇਸ਼ ਰਾਹੋਂ, ਟੀਟੂ ਆਹੂਜਾ,ਸ੍ਰੀ ਭਗਤ ਰਾਮ, ਯੁੱਧਵੀਰ ਕੰਗ, ਰਣਜੀਤ ਸਿੰਘ, ਰਿਸ਼ੀ ਆਹੂਜਾ, ਬਲਿਹਾਰ ਸਿੰਘ, ਕਰਨੈਲ ਸਿੰਘ, ਪ੍ਰਦੀਪ ਸਿੰਘ, ਬਲਵੀਰ ਸਿੰਘ ਸਰਪੰਚ, ਗੁਰਸ਼ਰਨ ਸਿੰਘ, ਦਿਲਪ੍ਰੀਤ ਭਾਰਟਾ ਆਦਿ ਸਾਥੀ ਹਾਜ਼ਰ ਸਨ।