(ਪਰਮਜੀਤ ਪਮਮਾ/ਲਵਜਿਤ)
ਅਖ਼ਬਾਰ ਅਜੀਤ ਦੇ ਜ਼ਿਲ੍ਹਾ ਇੰਚਾਰਜ ਪੱਤਰਕਾਰ ਕੰਵਲਜੀਤ ਸਿੰਘ ਸਿੱਧੂ ਬੀਤੀ ਦੁਪਹਿਰ ਦੋ ਵਜੇ ਤੋਂ ਲਾਪਤਾ ਹਨ 24 ਘੰਟੇ ਬੀਤਣ ਦੇ ਬਾਵਜੂਦ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ। ਜ਼ਿਲ੍ਹਾ ਪੁਲਸ ਮੁਖੀ ਭੁਪਿੰਦਰਜੀਤ ਸਿੰਘ ਵਿਰਕ ਅਨੁਸਾਰ ਚਾਰ ਥਾਣੇਦਾਰਾਂ ਦੀਆਂ ਵੱਖ ਵੱਖ ਟੀਮਾਂ ਘਟਨਾ ਸਥਾਨ ਸਮੇਤ ਇਲਾਕੇ ਦੀ ਸਰਚ ਕਰ ਰਹੀਆਂ ਹਨ। ਪੱਤਰਕਾਰ ਕੰਵਲਜੀਤ ਸਿੰਘ ਸਿੱਧੂ ਦੇ ਮੋਬਾਇਲ ਦੀ ਕਾਲ ਵੀ ਖੰਘਾਲੀ ਜਾ ਰਹੀ ਹੈ। ਪ੍ਰੈੱਸ ਫੋਟੋਗ੍ਰਾਫਰ ਅੰਮ੍ਰਿਤਪਾਲ ਲਵਲੀ ਅਨੁਸਾਰ ਕੰਵਲਜੀਤ ਸਿੰਘ ਸਿੱਧੂ ਬੀਤੀ ਦੁਪਹਿਰ ਗੋਨਿਆਣਾ ਰੋਡ ਵੱਲ ਮੋਟਰਸਾਈਕਲ ਤੇ ਜਾ ਰਹੇ ਸਨ ਕਿ ਅਚਾਨਕ ਟਰੱਕ ਦੀ ਫੇਟ ਵੱਜਣ ਕਰਕੇ ਜ਼ਖ਼ਮੀ ਹੋਣ ਦੀ ਸੂਚਨਾ ਹੈ ,ਉਸ ਉਪਰੰਤ ਕੁਝ ਕਾਰ ਸਵਾਰ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਦੀ ਗੱਲ ਕਹਿ ਕੇ ਲੈ ਗਏ ਦੱਸੇ ਜਾ ਰਹੇ ਹਨ, ਪ੍ਰੰਤੂ ਉਸ ਤੋਂ ਬਾਅਦ ਕੰਵਲਜੀਤ ਸਿੰਘ ਦਾ ਹਾਲੇ ਤੱਕ ਕੋਈ ਸੁਰਾਗ ਹੱਥ ਨਹੀਂ ਲੱਗਿਆ। ਉਨ੍ਹਾਂ ਦਾ ਮੋਟਰਸਾਈਕਲ ਗੋਨਿਆਣਾ ਰੋਡ ਤੇ ਸਥਿਤ ਐਨਐਫਐਲ ਕਲੋਨੀ ਦੇ ਗੇਟ ਕੋਲੋਂ ਘਟਨਾ ਸਥਾਨ ਤੋਂ ਬਰਾਮਦ ਹੋਇਆ ਹੈ। ਪੁਲੀਸ ਨੇ ਥਾਣਾ ਥਰਮਲ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਕਿਡਨੈਪਿੰਗ ਐਕਸੀਡੈਂਟ ਸਮੇਤ ਹੋਰ ਧਰਾਵਾਂ ਤਹਿਤ ਪਰਚਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਪੱਤਰਕਾਰ ਕੰਵਲਜੀਤ ਸਿੰਘ ਸਿੱਧੂ ਦੇ ਭੇਦ ਭਰੇ ਹਾਲਾਤਾਂ ਵਿੱਚ ਲਾਪਤਾ ਹੋਣ ਨਾਲ ਪੂਰੇ ਜ਼ਿਲ੍ਹਾ ਬਠਿੰਡਾ ਵਿੱਚ ਹੈਰਾਨਗੀ ਦੇ ਸਬੱਬ ਬਣੇ ਹੋਏ ਹਨ।