ਵਿਦਿਅਕ ਸੰਸਥਾਵਾਂ ਬੰਦ ਕਰਨ ਦੇ ਫੈਸਲੇ ਖਿਲਾਫ ਵਿਦਿਆਰਥੀ ਅਤੇ ਅਧਿਆਪਕ ਜਥੇਬੰਦੀਆਂ ਵੱਲੋਂ ਰੋਸ ਮਾਰਚ

ਸੰਗਰੂਰ 8 ਅਪ੍ਰੈਲ ਸਵਰਨ ਜਲਾਣ
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਵਿਦਿਆਰਥੀ ਅਤੇ ਅਧਿਆਪਕ ਜਥੇਬੰਦੀਆਂ ਵੱਲੋਂ ਨੈਣਾ ਦੇਵੀ ਪਾਰਕ ਤੋਂ ਇਕੱਠੇ ਹੋ ਕੇ ਵਿਜੇ ਚੌਂਕ ਤੱਕ ਵਿਦਿਅਕ ਸੰਸਥਾਵਾਂ ਖੋਲ੍ਹਣ ਦੀ ਮੰਗ ਲਈ ਰੋਸ ਮਾਰਚ ਕੀਤਾ ਅਤੇ ਵਿਜੇ ਚੌਂਕ ਵਿੱਚ ਨਵੀਂ ਸਿੱਖਿਆ ਨੀਤੀ 2020 ਅਤੇ ਵਿਦਿਆਰਥੀਆਂ ਵਿਰੋਧੀ ਫੁਰਮਾਨਾਂ ਦੀਆਂ ਦੀਆਂ ਕਾਪੀਆਂ ਸਾੜੀਆਂ ਗਈਆਂ।

ਇਸ ਮੌਕੇ ਪੀ ਐੱਸ ਯੂ (ਲਲਕਾਰ) ਦੇ ਜਿਲ੍ਹਾ ਆਗੂ ਗੁਰਪ੍ਰੀਤ ਜੱਸਲ, ਪੀ ਐੱਸ ਯੂ (ਸ਼ਹੀਦ ਰੰਧਾਵਾ) ਦੇ ਆਗੂ ਰਮਨ ਕਾਲਾਝਾੜ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਆਗੂ ਕਰਨਵੀਰ ਸਾਰੋਂ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਿਲ੍ਹਾ ਆਗੂ ਸੁਖਦੀਪ ਹਥਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੇ ਰਸਤੇ ਚਲਦਿਆਂ ਸਿੱਖਿਆ ਦਾ ਘਾਣ ਕਰ ਰਹੀ ਹੈ, ਕੇਂਦਰ ਦੁਆਰਾ ਲਿਆਂਦੀ ਸਿੱਖਿਆ ਨੀਤੀ ਨੂੰ ਪੰਜਾਬ ਸਰਕਾਰ ਲਾਗੂ ਕਰਨ ਲਈ ਕਾਹਲੀ ਹੈ। ਪਹਿਲਾਂ ਤੋਂ ਹੀ ਕਰੋਨਾ ਦੇ ਬਹਾਨੇ ਨਾਲ ਇਕ ਸਾਲ ਵਿਦਿਅਕ ਸੰਸਥਾਵਾਂ ਬੰਦ ਰਹੀਆਂ ਸਨ ਜਦੋਂ ਕਿ ਵਿਦਿਆਰਥੀ ਪੜਾਈ ਤੋਂ ਦੂਰ ਹੋਏ ਹਨ ਹੁਣ ਫੇਰ ਕੈਪਟਨ ਸਰਕਾਰ ਵਿਦਿਅਕ ਸੰਸਥਾਵਾਂ ਬੰਦ ਕਰ ਕੇ ਵਿਦਿਆਰਥੀਆਂ ਦੀ ਜਿੰਦਗੀ ਨਾਲ ਖਿਲਵਾੜ ਕਰ ਰਹੀ ਹੈ ਕੈਪਟਨ ਸਰਕਾਰ ਇਸ ਮਨਸ਼ਾ ਸਾਫ਼ ਹੈ ਕਿ ਕੈਪਟਨ ਸਰਕਾਰ ਦੋਗਲਾ ਕਿਰਦਾਰ ਨਿਭਾ ਰਹੀ ਹੈ ਇੱਕ ਪਾਸੇ ਪੰਜਾਬ ਸਰਕਾਰ ਕੇਂਦਰ ਸਰਕਾਰ ਦਾ ਵਿਰੋਧ ਕਰਦੀ ਹੈ ਦੂਸਰੇ ਪਾਸੇ ਕੇਂਦਰ ਦੁਆਰਾ ਦੁਆਰਾ ਲਿਆਂਦੀ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਦੀ ਹੋਈ ਆਨਲਾਈਨ ਸਿੱਖਿਆ ਨੂੰ ਬੜਾਵਾ ਦੇ ਰਹੀ ਹੈ,ਕਰੋਨਾ ਦੇ ਡਰਾਮੇ ਹੇਠ ਦੁਆਰਾ ਫੇਰ ਵਿਦਿਅਕ ਸੰਸਥਾਵਾਂ ਬੰਦ ਕਰਨ ਦੀ ਤਰੀਕ ਵਧਾ ਕੇ 30 ਅਪ੍ਰੈਲ ਕਰ ਦਿੱਤੀ ਗਈ ਹੈ ਜੋ ਕਿ ਵਿਦਿਆਰਥੀਆਂ ਦੇ ਬਰਦਾਸ਼ਤ ਤੋਂ ਬਾਹਰ ਹੈ ਇਸ ਨੂੰ ਵਿਦਿਆਰਥੀ ਕਦੇ ਵੀ ਮਨਜੂਰ ਨਹੀਂ ਕਰਨਗੇ ਅਤੇ ਘਰਾਂ ਵਿੱਚ ਨਹੀਂ ਬੈਠਣਗੇ ਸਗੋਂ ਪੰਜਾਬ ਦੀਆਂ ਸੜਕਾਂ ਉੱਤੇ ਆ ਕੇ ਆਪਣੀ ਸਿੱਖਿਆ ਦਾ ਹੱਕ ਪੁਗਾ ਕੇ ਹਟਣਗੇ।

ਉਨ੍ਹਾਂ ਕਿਹਾ ਕਿ ਅਸਲ ਚ ਕਰੋਨਾ ਨੂੰ ਸਿਰਫ਼ ਬਹਾਨਾ ਬਣਾ ਕੇ ਸਰਕਾਰੀ ਸਿੱਖਿਆ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕੇਂਦਰ ਤੇ ਸਾਰੀਆਂ ਸੂਬਾਈ ਹਕੂਮਤਾਂ ਕਰੋਨਾ ਬਹਾਨੇ ਸਾਮਰਾਜੀ ਨੀਤੀਆਂ ਧਡ਼ਾਧਡ਼ ਲਾਗੂ ਕਰ ਰਹੀਆਂ ਹਨ । ਇਸੇ ਤਰ੍ਹਾਂ ਵਿੱਦਿਅਕ ਸੰਸਥਾਵਾਂ ਬੰਦ ਰੱਖ ਕੇ ਨਵੀਂ ਸਿੱਖਿਆ ਨੀਤੀ ਲਾਗੂ ਕੀਤੀ ਜਾ ਰਹੀ ਹੈ। ਸਿੱਖਿਆ ਨੂੰ ਸਿਰਫ਼ ਡਿਗਰੀਆਂ ਤੱਕ ਸੀਮਤ ਕਰ ਕੇ ਵਿਦਿਆਰਥੀਆਂ ਨੂੰ ਸਮਾਜਿਕ ਸੂਝ ਤੋਂ ਸੱਖਣੇ ਰੱਖਿਆ ਜਾ ਰਿਹਾ ਹੈ ਜਿਸਦੇ ਕਾਰਨ ਵਿਦਿਆਰਥੀ ਮਾਨਸਿਕ ਤਣਾਅ ਚੋਂ ਗੁਜ਼ਰ ਰਹੇ ਹਨ ।

ਉਨ੍ਹਾਂ ਕਿਹਾ ਕਿ ਮੁਲਕ ਦੇ ਆਕਾਵਾਂ ਵੱਲੋਂ ਹਰ ਰੋਜ਼ ਮੁਲਕ ਚ ਕੋਰੋਨਾ ਕਾਰਨ ਹਾਲਾਤ ਨਾਜ਼ੁਕ ਹੋਣ ਤੇ ਮੌਤਾਂ ਤੇ ਕੇਸਾਂ ਦੀ ਗਿਣਤੀ ਲਗਾਤਾਰ ਵਧਣ ਦੀ ਦੁਹਾਈ ਪਾਈ ਜਾ ਰਹੀ ਹੈ ਜੇਕਰ ਮੁਲਕ ‘ਚ ਏਨੇ ਹੀ ਹਾਲਾਤ ਖ਼ਰਾਬ ਹਨ ਤਾਂ ਫਿਰ ਮੈਡੀਕਲ ਐਮਰਜੈਂਸੀ ਦੀ ਘੋਸ਼ਣਾ ਕਰਕੇ ਹਰ ਤਰ੍ਹਾਂ ਦੇ ਕੰਮ ਕਿਉਂ ਨਹੀਂ ਰੋਕੇ ਜਾਂਦੇ ਤੇ ਸਾਰੀ ਰਾਜ ਮਸ਼ੀਨਰੀ ਨੂੰ ਇਸ ਬਿਮਾਰੀ ਖ਼ਿਲਾਫ਼ ਲੜਨ ਲਈ ਕਿਉਂ ਨਹੀਂ ਚੁੱਕਿਆ ਜਾ ਰਿਹਾ ਮੁਲਕ ਦੇ ਪੰਜ ਰਾਜਾਂ ‘ਚ ਚੋਣਾਂ ਹੋ ਰਹੀਆਂ ਹਨ ਤੇ ਸਿਆਸੀ ਆਗੂ ਵੱਡੀਆਂ ਰੈਲੀਆਂ ਕਰ ਰਹੇ ਹਨ ਸਾਰੀ ਇੰਡਸਟਰੀ ਚੱਲ ਰਹੀ ਹੈ ਤੇ ਸਿਨੇਮਾ ਹਾਲ, ਠੇਕੇ, ਮੌਲ ਤੇ ਟਰਾਂਸਪੋਰਟ ਸਭ ਚੱਲ ਰਿਹਾ ਹੈ ਪ੍ਰੰਤੂ ਉਥੇ ਕਰੋਨਾ ਦਾ ਕੋਈ ਅਸਰ ਨਹੀਂ ਸਿਰਫ਼ ਵਿੱਦਿਅਕ ਅਦਾਰਿਆਂ ਚ ਹੀ ਕਰੋਨਾ ਅਸਰ ਕਰਦਾ ਹੈ ।

ਉਨ੍ਹਾਂ ਕਿਹਾ ਕਿ ਅੱਜ ਜਦੋਂ ਅਸੀਂ ਅਸੈਂਬਲੀ ਬੰਬ ਕਾਂਡ ਦੀ 92 ਵੀਂ ਵਰ੍ਹੇਗੰਢ ਮਨਾ ਰਹੇ ਹਾਂ ਇਸੇ ਵੇਲੇ ਮੁਲਕ ਦੇ ਹਾਕਮ ਖੇਤੀ, ਸਨਅਤ ਅਤੇ ਸਿੱਖਿਆ ਨੂੰ ਕਾਰਪੋਰੇਟ ਘਰਾਣਿਆਂ ਨੂੰ ਦੇਣ ਖ਼ਾਤਰ ਸਾਮਰਾਜੀ ਨੀਤੀਆਂ ਲਾਗੂ ਕਰ ਰਿਹਾ ਹੈ ਅਜਿਹੇ ਮੌਕੇ ਸਭਨਾ ਨੌਜਵਾਨਾਂ ਵਿਦਿਆਰਥੀਆਂ ਅਤੇ ਕਿਰਤੀ ਲੋਕਾਂ ਨੂੰ ਜੋਟੀ ਪਾ ਕੇ ਲੜਨ ਲਈ ਅੱਗੇ ਆਉਣਾ ਚਾਹੀਦਾ ਹੈ।

ਇਸ ਮੌਕੇ ਡੀ ਟੀ ਐੱਫ, ਪੰਜਾਬ ਵੱਲੋਂ ਪਰਵਿੰਦਰ ਉਭਾਵਾਲ, ਗੌਰਮਿੰਟ ਟੀਚਰ ਯੂਨੀਅਨ ਵੱਲੋਂ ਫ਼ਕੀਰ ਸਿੰਘ ਟਿੱਬਾ, ਡੀ ਟੀ ਐੱਫ ਵੱਲੋਂ ਮੇਘਰਾਜ ਨੇ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਬੇਰੁਜਗਾਰ ਸਾਂਝਾ ਮੋਰਚਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ,ਕ੍ਰਾਂਤੀਕਾਰੀ ਪੇਂਡੂ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ (ਲਲਕਾਰ) ਆਦਿ ਜਨਤਕ ਜਥੇਬੰਦੀਆਂ ਵੀ ਹਾਜਰ ਸਨ ।

ਅਖੀਰ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿਤੀ ਹੈ ਜੇਕਰ ਸਕੂਲ ਕਾਲਜ ਨਹੀਂ ਖੋਲ੍ਹੇ ਜਾਂਦੇ ਤਾਂ ਪੰਜਾਬ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਹੋਰ ਲੋਕਾਂ ਨੂੰ ਨਾਲ ਜੋੜਕੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।

Leave a Reply

Your email address will not be published. Required fields are marked *