ਭਵਾਨੀਗੜ੍ਹ (ਬਲਵਿੰਦਰ ਬਾਲੀ) ਸਥਾਨਕ ਇਲਾਕੇ ‘ਚੋਂ ਲੰਘਦੇ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇ ‘ਤੇ ਪਿੰਡ ਕਾਲਾਝਾੜ ਦੇ ਬੱਸ ਸਟੈਂਡ ਨਜ਼ਦੀਕ ਇੱਕ ਕਾਰ ਵੱਲੋਂ ਪੈਦਲ ਜਾ ਰਹੀ ਬਜ਼ੁਰਗ ਔਰਤ ਨੂੰ ਪਿੱਛੋਂ ਟੱਕਰ ਮਾਰ ਦੇਣ ਕਾਰਨ ਔਰਤ ਦੀ ਮੌਤ ਹੋ ਜਾਣ ਦੀ ਦੁਖ਼ਦਾਈ ਖ਼ਬਰ ਪ੍ਰਾਪਤ ਹੋਈ ਹੈ। ਪੁਲਸ ਵੱਲੋਂ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੈੱਕ ਪੋਸਟ ਕਾਲਾਝਾੜ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਬੇਅੰਤ ਸਿੰਘ ਨੇ ਦੱਸਿਆ ਕਿ ਪਿੰਡ ਕਾਲਾਝਾੜ ਦੇ ਬੱਸ ਸਟੈਂਡ ਨਜ਼ਦੀਕ ਭਵਾਨੀਗੜ੍ਹ ਸਾਈਡ ਤੋਂ ਪਟਿਆਲੇ ਵੱਲ ਨੂੰ ਜਾ ਰਹੀ ਇੱਕ ਕਾਰ ਦੇ ਚਾਲਕ ਨੇ ਪੈਦਲ ਜਾ ਰਹੀ ਸ਼ਾਂਤੀ ਕੌਰ (65) ਪਤਨੀ ਜੋਗਿੰਦਰ ਸਿੰਘ ਵਾਸੀ ਪਿੰਡ ਮੁਨਸ਼ੀਵਾਲਾ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ‘ਚ ਜਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਥਾਨਕ ਪੁਲਸ ਨੇ ਮ੍ਰਿਤਕ ਔਰਤ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।