ਸੰਗਰੂਰ (ਸਵਰਨ ਜਲਾਣ)
ਪੰਜਾਬ ਸਰਕਾਰ ਵੱਲੋਂ ਮੁੜ ਕਾਲਜ ਯੂਨੀਵਰਸਿਟੀਆਂ ਬੰਦ ਕਰ ਦਿੱਤੀਆਂ ਨੇ, ਇਸ ਫੈਂਸਲੇ ਦੇ ਵਿਰੋਧ ਵਿਚ ਪੰਜਾਬ ਦੀਆਂ 9 ਵਿਦਿਆਰਥੀ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਸੰਘਰਸ਼ ਕਰਨ ਦਾ ਫੈਂਸਲਾ ਕੀਤਾ ਗਿਅਾ ਹੈ।
ਅੱਜ ਸਰਕਾਰੀ ਰਣਬੀਰ ਕਾਲਜ਼ ਸੰਗਰੂਰ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਮੈਂਬਰਾਂ ਦੀ ਮੀਟਿੰਗ ਕੀਤੀ ਗਈ ਅਤੇ 30 ਮਾਰਚ ਨੂੰ ਡੀਸੀ ਸੰਗਰੂਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਣ ਦਾ ਐਲਾਨ ਕੀਤਾ ਤਾਂ ਜੋ ਵਿਦਿਅਕ ਅਦਾਰੇ ਖੋਲ੍ਹੇ ਜਾਣ ਤੇ ਪੜਾਈ ਪਹਿਲਾਂ ਦੀ ਤਰਾਂ ਚਾਲੂ ਹੋ ਸਕੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਆਗੂ ਰਮਨ ਸਿੰਘ ਕਾਲਾਝਾੜ ਤੇ ਗੁਰਜਿੰਦਰ ਸਿੰਘ ਬਿੱਟੂ ਲਾਡਵੰਜਾਰਾ ਕਲਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਕੋਰੋਨਾ ਦੇ ਕੇਸ ਵਧਣ ਦੇ ਬਹਾਨੇ ਹੇਠ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਵਿੱਦਿਅਕ ਸੰਸਥਾਵਾਂ ਨੂੰ ਬੰਦ ਕਰਨ ਦਾ ਐਲਾਨ ਕਰਨਾ ਵਿਦਿਆਰਥੀਆਂ ਨਾਲ ਬਹੁਤ ਵੱਡਾ ਧੱਕਾ ਹੈ, ਮਾਹਿਰ ਵਿਗਿਆਨੀਆਂ ਡਾਕਟਰਾਂ ਨੇ ਇਹ ਸਾਬਤ ਕੀਤਾ ਹੈ ਕਿ ਲੌਕਡਾਊਨ ਕੋਰੋਨਾ ਦਾ ਕੋਈ ਹੱਲ ਨਹੀਂ ਹੈ। ਜਿੱਥੇ ਤਮਾਮ ਹੋਰ ਅਦਾਰੇ ਖੁੱਲ੍ਹੇ ਹਨ, ਵੱਡੀਆਂ-ਵੱਡੀਆਂ ਸਿਆਸੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਠੇਕੇ, ਸਿਨਮੇ, ਮਾਲ ਅਤੇ ਧਾਰਮਿਕ ਸੰਸਥਾਨ ਖੁੱਲ੍ਹੇ ਹਨ, ਉੱਥੇ ਵਿੱਦਿਅਕ ਸੰਸਥਾਵਾਂ ਨੂੰ ਬੰਦ ਕਰਨ ਦਾ ਫੁਰਮਾਨ ਜਾਰੀ ਕਰਨਾ ਪੰਜਾਬ ਸਰਕਾਰ ਉੱਤੇ ਸਵਾਲ ਖੜ੍ਹੇ ਕਰਦਾ ਹੈ । ਆਨਲਾਈਨ ਪੜ੍ਹਾਈ ਦੇ ਨਾਮ ਹੇਠ ਵਿਦਿਆਰਥੀਆਂ ਦੇ ਦਿਮਾਗ਼ਾਂ ਨੂੰ ਥੋਥਾ ਕੀਤਾ ਜਾ ਰਿਹਾ ਹੈ, ਯੂਨੀਵਰਸਿਟੀਆਂ ਖੋਜ ਅਤੇ ਗਿਆਨ ਵਿਗਿਆਨ ਦਾ ਕੇਂਦਰ ਹੁੰਦੀਆਂ ਹਨ ਤੇ ਯੂਨੀਵਰਸਿਟੀਆਂ ਨੂੰ ਵੀ ਬੰਦ ਕਰਕੇ ਰੱਖ ਦੇਣਾ ਸਾਡੇ ਸਮਾਜ ਲਈ ਹੋਰ ਵੀ ਘਾਤਕ ਹੈ ।
ਇਸ ਮੌਕੇ :- ਸੁਖਚੈਨ ਸਿੰਘ ਪੁੰਨਾਵਾਲਾ, ਜਸ਼ਨ ਚੰਗਾਲ, ਹਰਪ੍ਰੀਤ,ਅਵੀ, ਰਿੰਕੀ ਆਦਿ ਹਾਜ਼ਰ ਸਨ।