ਦੇਰ ਰਾਤ ਜ਼ੋਰਦਾਰ ਧਮਾਕੇ ਨਾਲ ਲੋਕਾਂ ਦੀ ਖੁੱਲੀ ਜਾਗ! ਦੂਰ ਦੂਰ ਤੱਕ ਖਿੱਲਰਿਆ ਕੱਚ।

ਭਵਾਨੀਗੜ੍ਹ (ਬਲਵਿੰਦਰ ਬਾਲੀ)  ਸਥਾਨਕ ਸ਼ਹਿਰ ਦੀ ਸੰਗਰੂਰ ਰੋਡ ਉਪਰ ਸਥਿਤ ਇਕ ਕੀਟ ਨਾਸ਼ਕਾਂ ਦੀ ਦੋ ਮੰਜਿਲਾ ਦੁਕਾਨ ’ਚ ਦੇਰ ਰਾਤ ਅਚਾਨਕ ਅੱਗ ਲੱਗ ਜਾਣ ਕਾਰਨ ਲੱਖਾਂ ਰੁਪੈ ਦਾ ਸਮਾਨ ਸੜ ਕੇ ਸੁਵਾਹ ਹੋ ਜਾਣ ਦਾ ਸਮਚਾਰ ਪ੍ਰਾਪਤ ਹੋਇਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਜੁਝਾਰ ਸਿੰਘ ਪੁੱਤਰ ਸਮਸ਼ੇਰ ਸਿੰਘ ਨੇ ਦੱਸਿਆ ਕਿ ਉਸ ਦੀ ਸੰਗਰੂਰ ਰੋਡ ਉਪਰ ਨੈਸ਼ਨਲ ਹਾਈਵੇ ਦੀ ਸਰਵਿਸ ਰੋਡ ਉੱਪਰ ਸਥਿਤ ਕੀਟ ਨਾਸ਼ਕਾਂ ਦੀ ਦੁਕਾਨ ਭੰਗੂ ਖੇਤੀ ਸੇਵਾ ਸੈਂਟਰ ’ਚ ਦੇਰ ਰਾਤ ਕਰੀਬ 3 ਵਜੇ ਅਚਾਨਕ ਅੱਗ ਲੱਗ ਗਈ ਤੇ ਅੱਗ ਐਨੀ ਭਿਆਨਕ ਸੀ ਕਿ ਦੁਕਾਨ ਅੰਦਰ ਪਏ ਕੀਟਨਾਸ਼ਕ, ਏ.ਸੀ., ਫਰਨੀਚਰ ਸਭ ਸੜ ਕੇ ਸੁਆਹ ਹੋ ਗਏ। ਉਨ੍ਹਾਂ ਦੱਸਿਆ ਕਿ ਅੱਗ ’ਚ ਸੜ ਕੇ ਸੁਆਹ ਹੋਏ ਕੀਟਨਾਸ਼ਕਾਂ ਨਾਲ ਦੁਕਾਨ ਅੰਦਰ ਗੈਸ ਬਣ ਗਈ ਤੇ ਫਿਰ ਜ਼ੋਰਦਾਰ ਧਮਾਕਾ ਹੋਇਆ, ਜਿਸ ਨੇ ਦੁਕਾਨ ਦਾ ਸ਼ਟਰ ਉਖੇੜ ਦਿੱਤਾ ਤੇ ਦੁਕਾਨ ਅੰਦਰ ਲੱਗਿਆ ਗਲਾਸ ਡੋਰ ਚਕਨਾਚੂਰ ਹੋ ਗਿਆ ਤੇ ਇਸ ਡੋਰ ਦਾ ਕਚ ਹਾਈਵੇ ਦੀ ਦੂਜੀ ਸਾਇਡ ਤੱਕ ਖਿੱਲਰ ਗਿਆ।
ਉਨ੍ਹਾਂ ਦੱਸਿਆ ਕਿ ਇਹ ਧਮਾਕਾ ਇੰਨਾ ਜੋਰਦਾਰ ਸੀ ਕਿ ਧਮਾਕੇ ਦੀ ਅਵਾਜ਼ ਸੁਣ ਕੇ ਆਸ-ਪਾਸ ਦੇ ਲੋਕਾਂ ਦੀ ਵੀ ਨੀਂਦ ਖੁੱਲ੍ਹ ਗਈ ਤੇ ਉਨ੍ਹਾਂ ਦੁਕਾਨ ਦੀ ਦੂਜੀ ਮੰਜਿਲ ਤੋਂ ਅੱਗ ਦੀਆਂ ਉੱਚੀਆਂ ਲਪਟਾਂ ਤੇ ਧੂੰਆਂ ਉਠਦਾ ਦੇਖ ਅੱਗ ਦੀ ਇਸ ਘਟਨਾ ਸਬੰਧੀ ਉਨ੍ਹਾਂ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਤੇ ਪੁਲਸ ਦੀ ਸੂਚਨਾ ਦੇ ਅਧਾਰ ਤੇ ਮੌਕੇ ‘ਤੇ ਪਹੁੰਚੀਆਂ ਸੁਨਾਮ ਤੇ ਸੰਗਰੂਰ ਤੋਂ ਫਾਈਰ ਬ੍ਰਿਗੇਡ ਦੀਆਂ ਦੋ ਗੱਡੀਆਂ ਵੱਲੋਂ ਕਾਫ਼ੀ ਦੇਰ ਜੱਦੋ-ਜਹਿਦ ਕਰਕੇ ਇਸ ਅੱਗ ਉੱਪਰ ਕਾਬੂ ਪਾਇਆ ਗਿਆ। ਜੁਝਾਰ ਸਿੰਘ ਨੇ ਦੱਸਿਆ ਕਿ ਸ਼ਾਰਟ ਸਰਕਟ ਨਾਲ ਉਸ ਦੀ ਦੁਕਾਨ ਅੰਦਰ ਇਹ ਅੱਗ ਲੱਗੀ ਹੈ ਅਤੇ ਅੱਗ ਦੀ ਇਸ ਘਟਨਾ ’ਚ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਮੌਕੇ ਮੌਜੂਦ ਵੱਡੀ ਗਿਣਤੀ ’ਚ ਸ਼ਹਿਰ ਨਿਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਦੁਕਾਨਦਾਰ ਨੂੰ ਵੱਧ ਤੋਂ ਵੱਧ ਮਾਲੀ ਸਹਾਇਤਾ ਦਿੱਤੀ ਜਾਵੇ ਤੇ ਸ਼ਹਿਰ ਅੰਦਰ ਵੀ ਫਾਇਰ ਬ੍ਰਿਗੇਡ ਸਟੇਸ਼ਨ ਸਥਾਪਿਤ ਕੀਤਾ ਜਾਵੇ।

error: Content is protected !!