ਭਵਾਨੀਗੜ੍ਹ (ਬਲਵਿੰਦਰ ਬਾਲੀ) ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਸਰਤਾਜ ਸਿੰਘ ਚਾਹਲ ਵੱਲੋਂ ਜ਼ਿਲ੍ਹੇ ਅੰਦਰ ਨਸ਼ੇ ਵੇਚਣ ਦਾ ਗੋਰਖਧੰਦਾ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਦੀ ਚਲਾਈ ਮੁਹਿੰਮ ਤਹਿਤ ਸਥਾਨਕ ਪੁਲਸ ਵੱਲੋਂ ਇਕ ਵਿਅਕਤੀ ਨੂੰ 24 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਕਾਬੂ ਕਰਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਬ ਡਵੀਜ਼ਨ ਦੇ ਡੀ.ਐੱਸ.ਪੀ ਗੁਰਦੀਪ ਸਿੰਘ ਦਿਓਲ ਤੇ ਥਾਣਾ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਦੀ ਅਗਵਾਈ ਹੇਠ ਪੁਲਸ ਚੈਕ ਪੋਸਟ ਜੋਲੀਆ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਅਮਰੀਕ ਸਿੰਘ ਜਦੋਂ ਆਪਣੀ ਪੁਲਸ ਪਾਰਟੀ ਸਮੇਤ ਗਸਤ ਦੌਰਾਨ ਡਰੇਨ ਪੁਲ ਬਖਤੜਾ ਰੋਡ ਪਿੰਡ ਜੋਲੀਆ ਮੌਜੂਦ ਸਨ ਤਾਂ ਰਾਤ ਦੇ ਕਰੀਬ 9 ਵਜੇ ਪੁਲਸ ਪਾਰਟੀ ਨੂੰ ਇਕ ਵਿਅਕਤੀ ਵਜਨਦਾਰ ਥੈਲਾ ਚੁੱਕ ਕੇ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਜਦੋਂ ਆਪਣੇ ਥੈਲੇ ਨੂੰ ਸੜਕ ਕਿਨਾਰੇ ਸੁੱਟ ਕੇ ਇਕਦਮ ਪਿੱਛੇ ਖਿਸਕਣ ਲੱਗਿਆ ਤਾਂ ਪੁਲਸ ਪਾਰਟੀ ਨੇ ਸ਼ੱਕ ਦੇ ਅਧਾਰ ’ਤੇ ਇਸ ਨੂੰ ਕਾਬੂ ਕਰਕੇ ਜਦੋਂ ਇਸ ਵੱਲੋਂ ਸੁੱਟੇ ਗਏ ਥੈਲੇ ਦੀ ਤਲਾਸ਼ੀ ਲਈ ਤਾਂ ਥੈਲੇ ’ਚੋਂ 24 ਬੋਤਲਾਂ ਠੇਕਾ ਸ਼ਰਾਬ ਦੇਸ਼ੀ ਮਾਰਕਾ ਜਲਵਾ ਮੋਟਾ ਸੰਤਰਾ ਦੀਆਂ ਬਰਾਮਦ ਹੋਈਆ।ਮੁਲਜ਼ਮ ਦੀ ਪਛਾਣ ਬੀਰਬਲ ਸਿੰਘ ਉਰਫ ਕਾਲਾ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਜੋਲੀਆਂ ਦੇ ਤੌਰ ’ਤੇ ਹੋਈ ਹੈ। ਪੁਲਸ ਵੱਲੋਂ ਮੁਲਜ਼ਮ ਵਿਰੁੱਧ ਅਕਸਾਇਜ਼ ਐਕਟ ਦੀ ਧਾਰਾ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।