ਲੋਕਾਂ ਦੀ ਸਿਹਤ ਨਾਲ ਕਰ ਰਹੇ ਸੀ ਖਿਲਵਾੜ,ਨਕਲੀ ਦੁੱਧ -ਪਨੀਰ ਬਨਾਉਣ ਵਾਲੀ ਫੈਕ੍ਟ੍ਰੀ ਸੀਲ।

ਸੰਗਰੂਰ (ਬਲਵਿੰਦਰ ਬਾਲੀ)    ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿਚ ਖਾਣ ਪੀਣ ਦੀਆਂ ਵਸਤਾਂ ਵਿਚ ਮੁਕੰਮਲ ਤੌਰ ਤੇ ਮਿਲਾਵਟਖੋਰੀ ਨੂੰ ਰੋਕਣ ਦੇ ਸਖ਼ਤ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਇਸੇ ਤਹਿਤ ਸਿਹਤ ਵਿਭਾਗ ਦੀ ਟੀਮ ਨੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀਆਂ ਹਦਾਇਤਾਂ ‘ਤੇ ਕਾਰਵਾਈ ਕਰਦਿਆਂ ਕੋਹਰੀਆਂ ਰੋਡ ਉੱਤੇ ਸਥਿਤ ਇਕ ਆਈਸ ਫੈਕਟਰੀ ਵਿਚ ਛਾਪਾ ਮਾਰਿਆ ਅਤੇ ਮੌਕੇ ‘ਤੇ ਹੀ ਭਾਰੀ ਮਾਤਰਾ ਵਿਚ ਰਿਫਾਇੰਡ ਅਤੇ ਦੁੱਧ ਤਿਆਰ ਕਰਨ ਵਾਲੇ ਪਦਾਰਥ ਬਰਾਮਦ ਕੀਤੇ ਗਏ।
ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫਸਰ ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਇਲਾਕੇ ਵਿਚੋਂ ਕਾਫੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ ਅਤੇ ਠੋਸ ਸੂਚਨਾ ਦੇ ਆਧਾਰ ‘ਤੇ ਇਸ ਆਈਸ ਫੈਕਟਰੀ ਨੂੰ ਖੁਲ੍ਹਵਾਇਆ ਗਿਆ ਤਾਂ ਇਸ ਵਿਚੋਂ 278 ਟੀਨ ਰਿਫਾਇੰਡ, 70 ਖਾਲੀ ਟੀਨ, 13 ਪੈਕਟ ਸਕਿਮਡ ਮਿਲਕ ਪਾਊਡਰ ਅਤੇ ਦੁੱਧ ਤਿਆਰ ਕਰਨ ਲਈ ਵਰਤੇ ਜਾਂਦੇ ਸੌਰਬੀਟੋਲ ਨਾਂ ਦੇ ਪਦਾਰਥ ਨੂੰ ਕਰੀਬ 100 ਲੀਟਰ ਮਾਤਰਾ ਵਿਚ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਪਦਾਰਥ ਸਿੰਗਲਾ ਮਿਲਕ ਸੈਂਟਰ, ਗਾਮੜੀ ਰੋਡ ਦਿੜਬਾ ਵਿਖੇ ਤਿਆਰ ਹੋ ਰਹੇ ਸਨ ਅਤੇ ਹਰੀ ਓਮ ਆਈਸ ਫੈਕਟਰੀ ਵਿਚ ਇਨ੍ਹਾਂ ਦਾ ਭੰਡਾਰ ਕੀਤਾ ਜਾ ਰਿਹਾ ਸੀ। ਜ਼ਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਇਨ੍ਹਾਂ ਸਾਰੇ ਪਦਾਰਥਾਂ ਦੇ ਨਮੂਨੇ ਇਕੱਤਰ ਕਰ ਲਏ ਹਨ ਜੋ ਕਿ ਜਾਂਚ ਲਈ ਖਰੜ ਲੈਬ ਵਿਖੇ ਭੇਜੇ ਜਾਣਗੇ ਅਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਦਾਰਥਾਂ ਦੇ ਸੈਂਪਲ ਲੈਣ ਤੋਂ ਬਾਅਦ ਇਸ ਆਈਸ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ। ਕੈਂਸਰ ਤੇ ਲੀਵਰ ਦੀਆਂ ਸਮੱਸਿਆਵਾਂ ਦਾ ਖ਼ਤਰਾ! ਇਨ੍ਹਾਂ ਚੀਜ਼ਾਂ ਤੋਂ ਤਿਆਰ ਹੋਣ ਵਾਲੇ ਦੁੱਧ ਨਾਲ ਲੋਕਾਂ ਦੀ ਸਿਹਤ ਲਈ ਵੱਡਾ ਖ਼ਤਰਾ ਹੁੰਦਾ ਹੈ। ਮੈਡੀਕਲ ਮਾਹਰਾਂ ਮੁਤਾਬਕ ਲੰਮੇ ਸਮੇਂ ਤਕ ਅਜਿਹੇ ਦੁੱਧ-ਪਨੀਰ ਦੇ ਸੇਵਨ ਨਾ ਕੈਂਸਰ, ਪੇਟ ਦਰਦ, ਚਮੜੀ ਰੋਗ ਅਤੇ ਲੀਵਰ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਟੀਮ ਨੂੰ ਛਾਪੇਮਾਰੀ ਦੌਰਾਨ 3 ਕੁਇੰਟਲ ਪਨੀਰ ਮਿਲਿਆ ਹੈ, ਜਿਸ ਦੇ 5 ਸੈਂਪਲ ਲੈ ਕੇ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ।

error: Content is protected !!