ਸੰਗਰੂਰ (ਬਲਵਿੰਦਰ ਬਾਲੀ) ਭਾਜਪਾ ਦੇ ਸੂਬਾ ਮੀਤ ਪ੍ਰਧਾਨ, ਉਮੀਦ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਸੰਗਰੂਰ ਲੋਕ ਸਭਾ ਸੀਟ ਤੋਂ ਉਮੀਦਵਾਰ ਅਰਵਿੰਦ ਖੰਨਾ ਵੱਲੋਂ ਸੰਗਰੂਰ ਦੇ ਪੰਜ ਬਲਾਕਾਂ ’ਚ ਧੰਨਵਾਦੀ ਦੌਰਾ ਕੀਤਾ ਗਿਆ। ਖੰਨਾ ਵੱਲੋਂ ਆਪਣੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ’ਚ ਜਾ ਕੇ ਬੂਥ ਲੈਵਲ ਤੱਕ ਕੰਮ ਕਰਨ ਵਾਲੇ ਵਰਕਰਾਂ ਤੇ ਆਗੂਆਂ ਤੋਂ ਇਲਾਵਾ ਆਮ ਵੋਟਰਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਦੇ ਉਲਟ ਮਾਹੌਲ ਹੋਣ ਦੇ ਬਾਵਜੂਦ ਸੰਗਰੂਰ ਵਾਸੀਆਂ ਵੱਲੋਂ ਉਨ੍ਹਾਂ ਨੂੰ ਪੂਰਾ ਸਮੱਰਥਨ ਦਿੱਤਾ ਗਿਆ, ਜਿਸ ਲਈ ਉਹ ਹਮੇਸ਼ਾ ਲੋਕਾਂ ਦੇ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਅੱਗੇ ਤੋਂ ਹੋਰ ਤਗੜੇ ਹੋਕੇ ਸੰਗਰੂਰ ਵਾਸੀਆਂ ’ਚ ਵਿਚਰਨਗੇ ਤੇ ਲੋਕਾਂ ਦੀ ਸੇਵਾ ਕਰਨਗੇ ਤਾਂ ਜੋ ਪੰਜਾਬ ਤੇ ਸੰਗਰੂਰ ਦੇ ਮਸਲੇ ਹੋ ਸਕਣ। ਉਨ੍ਹਾਂ ਕਿਹਾ ਕਿ ਸਾਰੇ ਮੁੱਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਵਜਾਰਤ ਅੱਗੇ ਰੱਖੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ’ਚ ਭਾਜਪਾ ਦੇ ਪ੍ਰਦਰਸ਼ਨ ’ਤੇ ਕਿਹਾ ਕਿ ਇੰਨਾ ਵਿਰੋਧ ਹੋਣ ਦੇ ਬਾਵਜੂਦ ਵੀ ਵੋਟ ਫ਼ੀਸਦ ’ਚ ਕਾਫ਼ੀ ਈਜ਼ਾਫ਼ਾ ਹੋਇਆ ਹੈ ਤੇ ਪਿੰਡਾਂ ਤੇ ਸ਼ਹਿਰਾਂ ’ਚ ਚੰਗਾ ਹੁਲਾਰਾ ਮਿਲਿਆ ਹੈ, ਜਿਸ ਦੀ ਬਦਲੌਤ ਆਉਣ ਵਾਲੀਆਂ ਚੋਣਾਂ ’ਚ ਭਾਜਪਾ ਚੰਗਾ ਪ੍ਰਦਰਸ਼ਨ ਕਰੇਗੀ ਤੇ ਜਲਦ ਹੀ ਪੰਜਾਬ ’ਚ ਭਾਜਪਾ ਦੀ ਸਰਕਾਰ ਬਣੇਗੀ।