ਚੰਡੀਗੜ੍ਹ (ਬਲਵਿੰਦਰ ਬਾਲੀ) – ਹਰ ਵਰਗ ਦੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੇਸ਼ ਭਰ ਦੇ ਪਵਿੱਤਰ ਸਥਾਨਾਂ ‘ਤੇ ਦਰਸ਼ਨ ਕਰਨ ਦੀ ਸਹੂਲਤ ਦੇਣ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸ਼ੁਰੂ ਕਰਨ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਸ਼ੁਰੂ ਕਰਨ ਲਈ ਸ਼ਲਾਘਾ ਕਰਦੇ ਹੋਏ ਬਹੁਤ ਸਾਰੇ ਲੋਕਾਂ ਖਾਸ ਕਰ ਕੇ ਬਜ਼ੁਰਗਾਂ ਨੇ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਕਿਵੇਂ ਇਹ ਪਹਿਲਕਦਮੀ ਉਨ੍ਹਾਂ ਨੂੰ ਤੀਰਥ ਯਾਤਰਾ ‘ਤੇ ਜਾਣ ਦੇ ਯੋਗ ਬਣਾਵੇਗੀ ਜੋ ਪਹਿਲਾਂ ਵਿੱਤੀ ਤੌਰ ‘ਤੇ ਮੁਸ਼ਕਿਲ ਸੀ। ਸੰਗਰੂਰ ਦੇ ਪਿੰਡ ਪੰਡੋਰੀ ਦੇ ਵਸਨੀਕ ਕੁਲਦੀਪ ਕੌਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਸਰਕਾਰ ਦੇ ਇਸ ਉੱਦਮ ਲਈ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ’ਚ ਵੀ ਜੇਕਰ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਜ਼ਰੂਰ ਜਾਣਗੇ। ਪਿੰਡ ਪੰਡੋਰੀ ਦੇ ਵਸਨੀਕ ਜਸਵੀਰ ਕੌਰ ਨੇ ਦੱਸਿਆ ਕਿ ਉਹ ਪਹਿਲੀ ਵਾਰ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰ ਕੇ ਭਾਗਾਂ ਵਾਲੇ ਬਣਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ਅਤੇ ਪਰਿਵਾਰ ’ਚ ਬਹੁਤ ਖੁਸ਼ੀ ਦਾ ਮਾਹੌਲ ਹੈ ਅਤੇ ਇਸ ਲਈ ਅਸੀਂ ਸਾਰੇ ਧੰਨਵਾਦ ਕਰਦੇ ਹਾਂ। ਪਿੰਡ ਘਨੌਰ ਤੋਂ ਆਏ ਜਸਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਤੇ ਪਿੰਡ ਵਾਸੀਆਂ ’ਚ ਬਹੁਤ ਉਤਸ਼ਾਹ ਹੈ ਅਤੇ ਇਸ ਮੌਕੇ ਉਨ੍ਹਾਂ ਦੇ ਨਾਲ ਬਹੁਤ ਜਣੇ ਇਥੇ ਪੁੱਜ ਕੇ ਇਸ ਗੱਲ ਦਾ ਪਤਾ ਲਗਾਉਣ ਆਏ ਸਨ ਕਿ ਸੱਚਮੁੱਚ ਭਗਵੰਤ ਮਾਨ ਸਰਕਾਰ ਵਲੋਂ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ।
ਸੰਗਰੂਰ ਸ਼ਹਿਰ ਨਿਵਾਸੀ ਮਨਜੀਤ ਕੌਰ ਨੇ ਮਾਨ ਸਰਕਾਰ ਵਲੋਂ ਸੇਵਾ ਵਜੋਂ ਗੁਰਪੁਰਬ ਦੇ ਪਵਿੱਤਰ ਦਿਹਾੜੇ ’ਤੇ ਇਸ ਯੋਜਨਾ ਦਾ ਉਦਘਾਟਨ ਕਰਨ ਲਈ ਧੰਨਵਾਦ ਕੀਤਾ। ਮਨਜੀਤ ਕੌਰ ਨੇ ਕਿਹਾ ਕਿ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਲਈ ਇਸ ਅਹਿਮ ਤੇ ਪਵਿੱਤਰ ਕਾਰਜ ਨੂੰ ਆਰੰਭ ਕਰਨ ਲਈ ਉਹ ਧੰਨਵਾਦ ਕਰਦੇ ਹਨ। ਸੰਗਰੂਰ ਸ਼ਹਿਰ ਦੇ ਸ਼ਰਧਾਲੂ ਰਣਜੀਤ ਸਿੰਘ ਜੋ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਇਸ ਧਾਰਮਿਕ ਯਾਤਰਾ ਲਈ ਪਹੁੰਚੇ ਸਨ, ਨੇ ਕਿਹਾ ਕਿ ਇਹ ਇੱਕ ਅਗਾਂਹਵਧੂ ਉਪਰਾਲਾ ਹੈ ਜਿਸ ਦਾ ਨਿਰਪੱਖਤਾ ਨਾਲ ਹਰ ਵਰਗ ਦੇ ਲੋਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਸਰਕਾਰ ਦੀਆਂ ਭਲਾਈ ਸਕੀਮਾਂ ਵਿੱਚੋਂ ਇੱਕ ਇਸ ਸਕੀਮ ਨੂੰ ਭਰਵਾਂ ਹੁੰਗਾਰਾ ਮਿਲੇਗਾ। ਪਿੰਡ ਭਸੌੜ ਦੇ ਨੌਜਵਾਨ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਯਾਤਰਾ ਸਦਕਾ ਨੌਜਵਾਨ ਪੀੜ੍ਹੀ ਨੂੰ ਬਾਣੀ ਅਤੇ ਨਾਮ ਸਿਮਰਨ ਨਾਲ ਜੁੜਨ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਅੱਜ ਸਮਾਗਮ ਵਿਚ ਉਨ੍ਹਾਂ ਨੂੰ ਇਸ ਯਾਤਰਾ ਸਕੀਮ ਦੀਆਂ ਹੋਰ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਮਿਲੀ ਹੈ ਅਤੇ ਯਕੀਨੀ ਤੌਰ ‘ਤੇ ਉਨ੍ਹਾਂ ਦਾ ਇਹ ਸਫਰ ਯਾਦਗਾਰੀ ਹੋਵੇਗਾ
ਪਿੰਡ ਉਭਿਆ ਦੇ ਵਸਨੀਕ ਬੀਬੀ ਅਮਰਜੀਤ ਕੌਰ ਨੇ ਰੇਲਵੇ ਸਟੇਸ਼ਨ ਵੱਲ ਜਾਣ ਵਾਲੀ ਬੱਸ ’ਚ ਸਵਾਰ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਉਮਰ ਦੇ ਇਸ ਪੜਾਅ ’ਚ ਉਨ੍ਹਾਂ ਨੂੰ ਇਹ ਮਾਣ ਹਾਸਿਲ ਹੋਇਆ ਹੈ। ਪਿੰਡ ਕਹੇਰੂ ਦੇ ਬਜ਼ੁਰਗ ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਬਜ਼ੁਰਗਾਂ ਪ੍ਰਤੀ ਦਿਖਾਈ ਸਤਿਕਾਰ ਅਤੇ ਪਿਆਰ ਦੀ ਭਾਵਨਾ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਬਜ਼ੁਰਗ ਕਿਸੇ ਕਾਰਣ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਤੋਂ ਵਾਂਝੇ ਰਹਿ ਜਾਂਦੇ ਸਨ, ਉਨ੍ਹਾਂ ਦੀ ਇਹ ਉਮੀਦ ਹੁਣ ਸਰਕਾਰ ਵਲੋਂ ਪੂਰੀ ਕੀਤੀ ਗਈ ਹੈ।