ਪੜਾਈ ਲਈ ਕੈਨੇਡਾ ਗਏ ਭਵਾਨੀਗੜ੍ਹ ਦੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਭਵਾਨੀਗੜ੍ਹ (ਗੁਰਦੀਪ ਸਿੰਘ) – ਕੈਨੇਡਾ ਦੀ ਧਰਤੀ ਤੋੰ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਭਵਾਨੀਗੜ੍ਹ ਸ਼ਹਿਰ ਦੇ ਨੇੜਲੇ ਪਿੰਡ ਬਲਿਆਲ ਦੇ 26 ਸਾਲਾਂ ਨੌਜਵਾਨ ਦੀ ਕੈਨੇਡਾ ਦੇ ਕੈਲਗਿਰੀ ਨੇੜੇ ਇੱਕ ਸੜਕ ਦੁਰਘਟਨਾ ਵਿੱਚ ਦਰਦਨਾਕ ਮੌਤ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਬਲਿਆਲ ਪਿੰਡ ਦੇ ਮੌਜੂਦਾ ਸਰਪੰਚ ਅਮਰੇਲ ਸਿੰਘ ਨੇ ਦੱਸਿਆ ਕਿ ਦਲਵੀਰ ਸਿੰਘ (26) ਪੁੱਤਰ ਸੁਖਦੇਵ ਸਿੰਘ ਕਲੇਰ ਲਗਭਗ 20 ਮਹੀਨੇ ਪਹਿਲਾਂ ਪੜਾਈ ਕਰਨ ਲਈ ਕੈਨੇਡਾ ਗਿਆ ਸੀ ਤੇ ੳਨਟਾਰੀਓ ਦੇ ਮਿਸੀਸਾਗਾ ਸ਼ਹਿਰ ‘ਚ ਰਹਿੰਦਾ ਸੀ। ਬੀਤੇ ਐਤਵਾਰ ਜਦੋੰ ਦਲਵੀਰ ਸਿੰਘ ਟਰੱਕ ਚਲਾ ਕੇ ਜਾ ਰਿਹਾ ਸੀ ਤਾਂ ਇਸ ਦੌਰਾਨ ਓਵਰਟੇਕ ਕਰਦੇ ਸਮੇਂ ਇੱਕ ਟਰੱਕ ਟਰਾਲੇ ਨੇ ਦਲਵੀਰ ਸਿੰਘ ਦੇ ਟਰੱਕ ਨੂੰ ਜਬਰਦਸਤ ਟੱਕਰ ਮਾਰ ਦਿੱਤੀ ਤੇ ਇਸ ਦੁਰਘਟਨਾ ਦਲਵੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਰਪੰਚ ਅਮਰੇਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਲਵੀਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਬੱਚਾ ਸੀ ਜੋ ਅਜੇ ਕੁਆਰਾ ਸੀ ਜਿਸਨੇ ਖਾਲਸਾ ਕਾਲਜ ਪਟਿਆਲਾ ਤੋੰ ਐਮ.ਐਸ.ਸੀ (ਐਗਰੀਕਲਚਰ) ਦੀ ਡਿਗਰੀ ਹਾਸਲ ਕਰਕੇ ਉੱਚ ਵਿਦਿਆ ਦਾ ਸੁਪਨਾ ਲੈ ਕੇ ਵਿਦੇਸ਼ ਵੱਲ ਰੱਖ ਕੀਤਾ ਸੀ ਜਿੱਥੇ ਇਹ ਮੰਦਭਾਗਾ ਹਾਦਸਾ ਵਾਪਰ ਗਿਆ। ਦਲਵੀਰ ਸਿੰਘ ਦੀ ਮੌਤ ਤੋੰ ਬਾਅਦ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ। ਓਧਰ, ਪਿੰਡ ਵਾਸੀਆਂ ਤੇ ਨਗਰ ਪੰਚਾਇਤ ਨੇ ਕੇੰਦਰ ਅਤੇ ਸੂਬਾ ਸਰਕਾਰ ਤੋੰ ਮ੍ਰਿਤਕ ਨੌਜਵਾਨ ਦੀ ਦੇਹ ਭਾਰਤ ਲਿਆਉਣ ਦੀ ਮੰਗ ਕੀਤੀ ਹੈ।

error: Content is protected !!