ਭਵਾਨੀਗੜ੍ਹ (ਕ੍ਰਿਸ਼ਨ ਚੌਹਾਨ/ਗੁਰਦੀਪ ਸਿੰਘ)- ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਭਵਾਨੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਹੇਠ ਸ਼ਨੀਵਾਰ ਨੂੰ ਇੱਥੇ ਥਾਣੇ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਕਿਸਾਨਾਂ ਵੱਲੋੰ ਪੁਲਸ ਪ੍ਰਸ਼ਾਸਨ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਦੱਸਿਆ ਕਿ ਪਿੰਡ ਜੌਲੀਆਂ ਦੇ ਕਿਸਾਨ ਅਵਤਾਰ ਸਿੰਘ ਦੀ ਜ਼ਮੀਨ ਕਈ ਸਾਲ ਪਹਿਲਾਂ ਉਸਦੇ ਆੜਤੀ ਨੇ ਧੋਖੇ ਨਾਲ ਆਪਣੇ ਚਹੇਤੇ ਵਿਅਕਤੀ ਬਲਜਿੰਦਰ ਸਿੰਘ ਦੇ ਨਾਂ ਕਰਵਾ ਦਿੱਤੀ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਹੁਣ ਪੁਲਸ ਪ੍ਰਸ਼ਾਸਨ ਦੀ ਕਥਿਤ ਸ਼ਹਿ ‘ਤੇ ਗੁੰਡਾਗਰਦੀ ਨਾਲ ਉਕਤ ਜਮੀਨ ‘ਤੇ ਕਬਜਾ ਕਰਨ ਦੀ ਕੋਸ਼ਿਸ਼ ਕਰਦਿਆਂ ਅਵਤਾਰ ਸਿੰਘ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਆਗੂ ਨੇ ਦੱਸਿਆ ਕਿ ਇਸ ਦੌਰਾਨ ਪੁਲਸ ਨੇ ਦੋ ਟਰੈਕਟਰਾਂ ਨੂੰ ਥਾਣੇ ਲੈ ਗਈ ਸੀ ਹਮਲਾਵਰ ਨੂੰ ਵੀ ਕਾਬੂ ਕੀਤਾ ਸੀ ਪਰਤੂੰ ਪੁਲਸ ਨੇ ਟਰੈਕਟਰਾਂ ਸਮੇਤ ਵਿਅਕਤੀ ਨੂੰ ਛੱਡ ਦਿੱਤਾ ਜਿਸ ਦੇ ਰੋਸ ਵੱਜੋੰ ਅੱਜ ਥਾਣੇ ਮੂਹਰੇ ਧਰਨਾ ਲਗਾਇਆ ਗਿਆ ਜੋ ਦਿਨ ਰਾਤ ਚੱਲੇਗਾ। ਧਰਨੇ ਵਿੱਚ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ, ਅਮਨਦੀਪ ਸਿੰਘ ਮਹਿਲਾਂ, ਕਰਮ ਚੰਦ ਪੰਨਵਾਂ, ਗੁਰਚੇਤ ਸਿੰਘ ਭੱਟੀਵਾਲ, ਲਾਡੀ ਬਖੋਪੀਰ, ਬਲਵਿੰਦਰ ਸਿੰਘ ਘਨੌੜ, ਸਤਵਿੰਦਰ ਸਿੰਘ, ਜਸਵੀਰ ਸਿੰਘ ਗੱਗੜਪੁਰ, ਗੁਰਦੇਵ ਸਿੰਘ ਆਲੋਅਰਖ, ਕਸ਼ਮੀਰ ਸਿੰਘ ਆਲੋਅਰਖ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਤੇ ਮਾਵਾਂ ਭੈਣਾਂ ਹਾਜ਼ਰ ਸਨ। ਸ਼ਾਮ ਨੂੰ ਖਬਰ ਲਿਖੇ ਜਾਣ ਤੱਕ ਕਿਸਾਨ ਧਰਨੇ ‘ਤੇ ਡਟੇ ਹੋਏ ਸਨ।ਉੱਧਰ, ਮਾਮਲੇ ਸਬੰਧੀ ਇੰਸਪੈਕਟਰ ਜਸਪ੍ਰੀਤ ਸਿੰਘ ਥਾਣਾ ਮੁਖੀ ਭਵਾਨੀਗੜ੍ਹ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਲੜਾਈ ਝਗੜਾ ਹੋਇਆ ਸੀ ਜਿਸ ਸਬੰਧੀ ਪੁਲਸ ਨੇ ਵਿਅਕਤੀ ਤੇ ਟਰੈਕਟਰ ਵਗੈਰਾ ਨੂੰ ਮੌਕੇ ਤੋੰ ਥਾਣੇ ਲਿਆਂਦਾ ਸੀ। ਮਾਮਲੇ ਸਬੰਧੀ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋੰ ਇਲਾਵਾ ਧਰਨਾਕਾਰੀ ਜਿਸ ਵਿਅਕਤੀ ‘ਤੇ ਜਮੀਨ ਕਬਜ਼ਾਉਣ ਦਾ ਦੋਸ਼ ਲਗਾ ਰਹੇ ਹਨ ਉਹ ਜ਼ਮੀਨ ਪਹਿਲਾਂ ਹੀ ਉਸ ਵਿਅਕਤੀ ਦੇ ਨਾਮ ਹੈ ਜਿਸ ਸਬੰਧੀ ਮਾਲ ਵਿਭਾਗ ਤੋੰ ਪੁਸ਼ਟੀ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਕਿਸਾਨ ਯੂਨੀਅਨ ਸਰਾਸਰ ਧੱਕਾ ਕਰ ਰਹੀ ਹੈ।