ਜਲੰਧਰ ( ਵਿਵੇਕ/ਗੁਰਪ੍ਰੀਤ )– ਨਵੀਂ ਐਕਸਾਈਜ਼ ਪਾਲਿਸੀ ਅਧੀਨ ਠੇਕੇਦਾਰਾਂ ਵੱਲੋਂ ਗਰੁੱਪਾਂ ਦਾ ਚਾਰਜ ਸੰਭਾਲਣ ਤੋਂ ਬਾਅਦ ਬੀਅਰ ਦੀਆਂ ਸ਼ੁਰੂਆਤੀ ਕੀਮਤਾਂ 180 ਰੁਪਏ ਰੱਖੀਆਂ ਗਈਆਂ ਸਨ, ਜਿਸ ’ਤੇ ਐਕਸਾਈਜ਼ ਵਿਭਾਗ ਨੇ ਵੱਡਾ ਕਦਮ ਉਠਾਉਂਦਿਆਂ ਕੀਮਤਾਂ ’ਚ ਕਮੀ ਕਰਕੇ ਆਪਣੇ ਪੱਧਰ ’ਤੇ ਰੇਟ ਨਿਰਧਾਰਿਤ ਕੀਤੇ ਹਨ। ਇਸ ਅਧੀਨ ਵੀਰਵਾਰ ਤੋਂ ਲਾਈਟ ਬੀਅਰ 140 ਰੁਪਏ, ਜਦਕਿ ਸਟ੍ਰਾਂਗ ਬੀਅਰ 150 ਰੁਪਏ ਵਿਚ ਉਪਲੱਬਧ ਹੋਵੇਗੀ। ਇਹ ਪਹਿਲੀ ਵਾਰ ਹੈ ਕਿ ਐਕਸਾਈਜ਼ ਵਿਭਾਗ ਵੱਲੋਂ ਬੀਅਰ ਦੀਆਂ ਕੀਮਤਾਂ ਖ਼ੁਦ ਨਿਰਧਾਰਿਤ ਕੀਤੀਆਂ ਗਈਆਂ ਹਨ, ਜਦਕਿ ਇਸ ਤੋਂ ਪਹਿਲੇ ਠੇਕੇਦਾਰਾਂ ਵੱਲੋਂ ਆਪਣੀ ਮਰਜ਼ੀ ਨਾਲ ਬੀਅਰ ਦੀਆਂ ਕੀਮਤਾਂ ਵਸੂਲੀਆਂ ਜਾਂਦੀਆਂ ਸਨ। ਠੇਕੇਦਾਰਾਂ ਦੀ ਮਨਮਰਜ਼ੀ ’ਤੇ ਰੋਕ ਲਗਾਉਣ ਦੇ ਮਕਸਦ ਨਾਲ ਐਕਸਾਈਜ਼ ਵਿਭਾਗ ਵੱਲੋਂ ਉਠਾਏ ਗਏ ਇਸ ਕਦਮ ਨਾਲ ਬੀਅਰ ਦੇ ਖ਼ਪਤਕਾਰਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਵਿਭਾਗ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਨਿਰਧਾਰਿਤ ਕੀਮਤਾਂ ਤੋਂ ਜ਼ਿਆਦਾ ਕੀਮਤ ਵਸੂਲ ਕਰਨ ’ਤੇ ਠੇਕੇਦਾਰਾਂ ’ਤੇ ਨਿਯਮਾਂ ਦੀ ਉਲੰਘਣਾ ਕਰਨ ਦੀ ਵੱਡੀ ਕਾਰਵਾਈ ਕੀਤੀ ਜਾਵੇਗੀ। ਕੀਮਤਾਂ ਨਿਰਧਾਰਿਤ ਕਰਨ ਨੂੰ ਲੈ ਕੇ ਐਕਸਾਈਜ਼ ਕਮਿਸ਼ਨਰ ਪੰਜਾਬ ਵਰੁਣ ਰੂਜ਼ਮ ਦੀ ਪ੍ਰਧਾਨਗੀ ਵਿਚ ਅਹਿਮ ਮੀਟਿੰਗ ਬੁਲਾਈ ਗਈ, ਜਿਸ ਵਿਚ ਵਿਚਾਰ ਚਰਚਾ ਉਪਰੰਤ ਰੇਟ ਲਿਸਟ ’ਤੇ ਅੰਤਿਮ ਮੋਹਰ ਲਗਾ ਦਿੱਤੀ ਗਈ। ਇਸ ਵਿਚ ਖਾਸ ਤੌਰ ’ਤੇ ਇਹ ਨਿਯਮ ਬਣਾਇਆ ਗਿਆ ਹੈ ਕਿ ਠੇਕੇਦਾਰਾਂ ਵੱਲੋਂ ਸ਼ਰਾਬ ਦੇ ਠੇਕੇ ’ਤੇ ਬੀਅਰ ਦੇ ਰੇਟ ਚੰਗੇ ਢੰਗ ਨਾਲ ਡਿਸਪਲੇਅ ਕਰਨਾ ਜ਼ਰੂਰੀ ਹੋਵੇਗਾ। ਨਵੀਂ ਲਿਸਟ ਮੁਤਾਬਕ ਵਿਭਾਗ ਨੇ ਠੇਕੇਦਾਰਾਂ ਨੂੰ ਘੱਟੋ-ਘੱਟ ਅਤੇ ਵੱਧ ਤੋਂ ਵੱਧ ਕੀਮਤਾਂ ਸਬੰਧੀ ਜੋ ਚਾਰਟ ਭੇਜਿਆ ਹੈ, ਉਸ ਨੂੰ 6 ਅਪ੍ਰੈਲ ਤੋਂ ਲਾਗੂ ਮੰਨਿਆ ਜਾਵੇਗਾ। ਸਾਰੇ ਠੇਕੇਦਾਰਾਂ ਨੂੰ ਇਹ ਜ਼ਰੂਰੀ ਤੌਰ ’ਤੇ ਲਾਗੂ ਕਰਨਾ ਹੋਵੇਗਾ। ਆਈ. ਏ. ਐੱਸ. ਵਰੁਣ ਰੂਜ਼ਮ ਵੱਲੋਂ ਭਿਜਵਾਈ ਗਈ ਮੀਮੋ ਨੰਬਰ 380-83 ਮਿਤੀ 5 ਅਪ੍ਰੈਲ ਅਨੁਸਾਰ ਸਭ ਤੋਂ ਸਸਤੀ ਲਾਈਟ ਬੀਅਰ ਕਿੰਗਫਿਸ਼ਰ ਦੀ ਘੱਟੋ-ਘੱਟ ਕੀਮਤ 110 ਰੁਪਏ ਅਤੇ ਵੱਧ ਤੋਂ ਵੱਧ 140 ਰੁਪਏ ਹੋਵੇਗੀ। ਇਸੇ ਬ੍ਰਾਂਡ ਦੀ ਸਟ੍ਰਾਂਗ ਬੀਅਰ 120 ਤੋਂ ਵੱਧ ਤੋਂ ਵੱਧ 150 ਰੁਪਏ ਵੇਚਣ ਦੀ ਛੋਟ ਦਿੱਤੀ ਗਈ ਹੈ।ਹੈਵਰਡਸ 5000, ਗਿਨਸਬਰਗ, ਟੂਬਰਗ, ਰਾਕਬਰਗ, ਗੌਡਫਾਦਰ ਦੀਆਂ ਘੱਟ ਤੋਂ ਘੱਟ ਕੀਮਤਾਂ 130 ਅਤੇ ਵੱਧ ਤੋਂ ਵੱਧ 160 ਰੁਪਏ ਨਿਰਧਾਰਿਤ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਬਡਵਾਈਜਰ ਲਾਈਟ, ਬੂਮ ਦੀ ਕੀਮਤ 150 ਤੋਂ 180 ਰੱਖੀ ਗਈ ਹੈ। ਕਿੰਗਫਿਸ਼ਰ ਅਲਟਰਾ 190 ਤੋਂ 220, ਬਡਵਾਈਜਰ ਮੈਗਨਮ 170 ਤੋਂ 200, ਥੰਡਰਬੋਲਟ 130 ਤੋਂ 160, ਕਿੰਗਫਿਸ਼ਰ ਮੈਕਸ 220 ਤੋਂ 250, ਕੋਰੋਨਾ 210 ਤੋਂ 240, ਵ੍ਹਾਈਟ ਪਿੰਟ 220 ਤੋਂ 260, ਐਰਡਾਈਂਜਰ 360 ਤੋਂ 400 ਰੁਪਏ ਦੀ ਰੇਟ ਲਿਸਟ ਮੁਤਾਬਕ ਵੇਚਣੀ ਹੋਵੇਗੀ।