ਨਵਜੋਤ ਸਿੱਧੂ ਦੇ 26 ਜਨਵਰੀ ਨੂੰ ਜੇਲ੍ਹ ‘ਚੋਂ ਰਿਹਾ ਹੋਣ ਨੂੰ ਲੈਕੇ ਸਾਹਮਣੇਂ ਆਈ ਵੱਡੀ ਖਬਰ।

ਪਟਿਆਲਾ -ਬਿਉਰੋ(ਬਲਵਿੰਦਰ ਬਾਲੀ ) : ਗਣਤੰਤਰ ਦਿਵਸ ਦੇ ਮੌਕੇ ’ਤੇ ਪਟਿਆਲਾ ਜੇਲ੍ਹ ‘ਚ ਬੰਦ ਪੰਜਾਬ ਦੇ ਸਾਬਕਾ ਮੰਤਰੀ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਰਿਹਾਈ ਸਵਾਲਾਂ ਦੇ ਘੇਰੇ ‘ਚ ਆ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਜੇਲ੍ਹ ਵਿਭਾਗ ਨੇ ਇਸ ਸਾਲ ਗਣਤੰਤਰ ਦਿਵਸ ਦੇ ਮੌਕੇ ’ਤੇ 52 ਕੈਦੀਆਂ ਨੂੰ ਰਿਹਾਅ ਕਰਨ ਦੀ ਤਜਵੀਜ਼ ਪੰਜਾਬ ਸਰਕਾਰ ਨੂੰ ਭੇਜੀ ਸੀ। ਨਿਯਮਾਂ ਮੁਤਾਬਕ ਇਸ ਤਜਵੀਜ਼ ਨੂੰ ਮੰਤਰੀ ਮੰਡਲ ਵੱਲੋਂ ਪ੍ਰਵਾਨਗੀ ਦੇਣੀ ਹੁੰਦੀ ਹੈ, ਜਿਸ ਮਗਰੋਂ ਰਾਜਪਾਲ ਵੱਲੋਂ ਇਸ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੰਤਰੀ ਮੰਡਲ ਦੀ ਮੀਟਿੰਗ 1 ਫਰਵਰੀ ਨੂੰ ਸੱਦੀ ਹੈ।
ਇਸ ਤਰੀਕੇ ਇਹ ਸੁਭਾਵਕ ਹੈ ਕਿ 26 ਜਨਵਰੀ ਤੋਂ ਪਹਿਲਾਂ ਮੰਤਰੀ ਮੰਡਲ ਦੀ ਮੀਟਿੰਗ ਨਹੀਂ ਹੋਵੇਗੀ ਤੇ ਜੇਲ੍ਹ ਵਿਭਾਗ ਵੱਲੋਂ ਤਿਆਰ ਕੀਤੀ ਤਜਵੀਜ਼ ਠੰਡੇ ਬਸਤੇ ‘ਚ ਪਈ ਰਹੇਗੀ।  ਦੂਜੇ ਪਾਸੇ ਇਹ ਵੀ ਸੰਭਾਵਨਾ ਹੈ ਕਿ ਜੇਕਰ ਮੁੱਖ ਮੰਤਰੀ 26 ਜਨਵਰੀ ਨੂੰ ਆਪਣੇ ਭਾਸ਼ਣ ‘ਚ ਕੈਦੀਆਂ ਨੂੰ ਰਿਹਾਅ ਕਰਨ ਦਾ ਐਲਾਨ ਕਰਦੇ ਹਨ ਤਾਂ ਫਿਰ ਨਵਜੋਤ ਸਿੱਧੂ ਦੀ ਰਿਹਾਈ 26 ਦੀ ਥਾਂ 27 ਜਾਂ 28 ਜਨਵਰੀ ਨੂੰ ਸੰਭਵ ਹੋ ਸਕਦੀ ਹੈ।
ਇੱਥੇ ਦੱਸਣਯੋਗ ਹੈ ਕਿ ਨਵਜੋਤ ਸਿੱਧੂ ਦੀ ਰਿਹਾਈ ਨੂੰ ਲੈ ਕੇ ਕਾਂਗਰਸ ਦੇ ਇਕ ਖੇਮੇ ‘ਚ ਜਸ਼ਨ ਦਾ ਮਾਹੌਲ ਹੈ। ਸਿੱਧੂ ਦੇ ਸਮਰਥਕ ਇਹ ਬਿਆਨ ਦੇ ਰਹੇ ਹਨ ਕਿ ਜੇਲ੍ਹ ਤੋਂ ਰਿਹਾਈ ਮਗਰੋਂ ਉਹ ਸਿੱਧੂ ਦਾ ਜ਼ੋਰ-ਸ਼ੋਰ ਨਾਲ ਸਵਾਗਤ ਕਰਨਗੇ। ਇਹ ਵੀ ਚਰਚਾ ਸੀ ਕਿ ਕਾਂਗਰਸ ਹਾਈਕਮਾਨ ਖ਼ਾਸ ਤੌਰ ’ਤੇ ਪ੍ਰਿਅੰਕਾ ਗਾਂਧੀ ਨਵਜੋਤ ਸਿੱਧੂ ਨੂੰ ਵੱਡੀ ਭੂਮਿਕਾ ਦੇਣ ਦੇ ਮੂਡ ‘ਚ ਹਨ। ਹੁਣ ਪੰਜਾਬ ਸਰਕਾਰ ਕੀ ਸਿੱਧੂ ਦੀ ਰਿਹਾਈ ’ਤੇ ਕੀ ਫ਼ੈਸਲਾ ਲਵੇਗੀ, ਇਸ ’ਤੇ ਸਭ ਦੀ ਨਜ਼ਰ ਬਣੀ ਰਹੇਗੀ।