ਨਵਾਂਸ਼ਹਿਰ( ਪਰਮਿੰਦਰ/ਗੁਰਪ੍ਰੀਤ ) ਪੰਜਾਬ ਦੀ ਮਾਨ ਸਰਕਾਰ ਵੱਲੋਂ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਡੱਟਕੇ ਲਏ ਸ਼ਲਾਘਾਯੋਗ ਫ਼ੈਸਲਾ ਸਦਕਾ ਅੱਜ ਹਰ ਪੰਜਾਬੀ ਖੁਸ਼ ਹੈ। ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਸੂਬਾ ਉੱਪ ਪ੍ਰਧਾਨ ਅਤੇ ਪੰਜਾਬ ਦੇ ਬੁਲਾਰੇ ਸਤਨਾਮ ਸਿੰਘ ਜਲਵਾਹਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਥੇ ਪਹਿਲਾਂ ਪੰਜਾਬ ਦੇ ਕਈ ਪ੍ਰਾਈਵੇਟ ਸਕੂਲਾਂ ਵਿੱਚ ਐਹੋ ਜਿਹੇ ਹਾਲਾਤ ਬਣ ਗਏ ਸਨ ਕਿ ਸਕੂਲ ਵਿੱਚ ਪੰਜਾਬੀ ਬੋਲਣ ਵਾਲੇ ਬੱਚਿਆਂ ਉਤੇ ਜ਼ੁਰਮਾਨਾ ਲਗਾਇਆ ਜਾ ਰਿਹਾ ਸੀ ਪਰ ਹੁਣ ਸ ਭਗਵੰਤ ਸਿੰਘ ਮਾਨ ਜੀ ਵੱਲੋਂ ਉਨ੍ਹਾਂ ਸਕੂਲਾਂ ਨੂੰ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਅਗਰ ਕਿਸੇ ਸਕੂਲ ਵਿੱਚ ਹੁਣ ਪੰਜਾਬੀ ਮਾਂ ਬੋਲੀ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਕੀਤੀ ਗਈ ਜਾਂ ਕਿਸੇ ਵੀ ਬੱਚੇ ਨੂੰ ਪੰਜਾਬੀ ਭਾਸ਼ਾ ਬੋਲਣ ਉਤੇ ਪਾਬੰਦੀ ਲਗਾਈ ਜਾਂ ਜੁਰਮਾਨਾ ਕੀਤਾ ਤਾਂ ਉਸ ਸਕੂਲ ਦੀ ਮਾਨਤਾ ਰੱਦ ਕੀਤੀ ਜਾਵੇਗੀ। ਸ. ਜਲਵਾਹਾ ਨੇ ਕਿਹਾ ਕਿ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਸਾਰੇ ਵਿਭਾਗਾਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ ਕਿ ਹਰ ਸਰਕਾਰੀ ਦਫ਼ਤਰ ਵਿੱਚ ਪੰਜਾਬੀ ਮਾਂ ਬੋਲੀ ਨੂੰ ਪਹਿਲ ਦੇ ਆਧਾਰ ਉੱਤੇ ਤਰਜੀਹ ਦਿੱਤੀ ਜਾਵੇ ਅਤੇ ਸਾਰੇ ਕੰਮ ਪੰਜਾਬੀ ਵਿੱਚ ਹੀ ਕੀਤੇ ਜਾਣ। ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਇਸ ਤੋਂ ਇਲਾਵਾ ਮਾਣਯੋਗ ਮੁੱਖ ਮੰਤਰੀ ਜੀ ਨੇ ਸਬੰਧਿਤ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ 21 ਫਰਵਰੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਸਾਰੇ ਜੀਟੀ ਰੋਡਾਂ ਤੇ ਸਾਰੇ ਲਿੰਕ ਰੋਡਾਂ ਉਤੇ ਲਗਾਏ ਸਾਰੇ ਸਾਈਨ ਬੋਰਡਾਂ ਉਤੇ ਪੰਜਾਬੀ ਭਾਸ਼ਾ ਨੂੰ ਪਹਿਲੇ ਨੰਬਰ ਉੱਤੇ ਲਿਖਿਆਂ ਜਾਣਾ ਲਾਜ਼ਮੀ ਹੈ, ਨਹੀਂ ਤਾਂ ਸੰਬੰਧਿਤ ਵਿਭਾਗ ਅਤੇ ਜੁੰਮੇਵਾਰ ਅਧਿਕਾਰੀਆਂ ਉਤੇ ਸਰਕਾਰ ਵੱਲੋਂ ਜੁਰਮਾਨਾ ਕੀਤਾ ਜਾਵੇਗਾ। ਜਲਵਾਹਾ ਨੇ ਕਿਹਾ ਕਿ ਜੋ ਵੀ ਵਿਅਕਤੀ ਇਸ ਦੁਨੀਆਂ ਵਿੱਚ ਪੈਦਾਂ ਹੁੰਦਾ ਹੈ ਉਸ ਹਰੇਕ ਇਨਸਾਨ ਦੀਆਂ ਤਿੰਨ ਮਾਵਾਂ ਹੁੰਦੀਆਂ ਹਨ ਪਹਿਲੀ ਮਾਂ ਜੋ ਜਨਮ ਦਿੰਦੀ ਹੈ ਅਤੇ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਦੀ ਹੈ ਅਤੇ ਦੂਜੀ ਮਾਂ ਹੁੰਦੀ ਹੈ ਧਰਤੀ ਮਾਂ ਜਿਸ ਉਤੇ ਉਹ ਪੈਰ ਧਰਕੇ ਅਸਮਾਨ ਵਿੱਚ ਉਡਾਰੀਆਂ ਲਗਾਉਣ ਦੇ ਕਾਬਿਲ ਬਣਦਾ ਹੈ ਅਤੇ ਤੀਜੀ ਮਾਂ ਹੁੰਦੀ ਹੈ ਸਾਡੀ ਮਾਂ ਬੋਲੀ । ਜਿਵੇਂ ਅਸੀ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਬੇਹੱਦ ਪਿਆਰ ਕਰਦੇ ਹਾਂ ਉਸੇ ਤਰ੍ਹਾਂ ਸਾਨੂੰ ਸਭਨੂੰ ਆਪਣੀਆਂ ਇਨ੍ਹਾਂ ਤਿੰਨਾਂ ਮਾਵਾਂ ਦਾ ਤਨ ਮਨ ਧਨ ਤੋਂ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ। ਕੋਈ ਵੀ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਇਨ੍ਹਾਂ ਤਿੰਨਾਂ ਮਾਵਾਂ ਦਾ ਦੇਣ ਨਹੀਂ ਦੇ ਸਕਦਾ। ਸੋ ਆਓ ਆਪਾਂ ਸਾਰੇ ਰਲਕੇ ਪੰਜਾਬ ਦੀ ਮਾਨ ਸਰਕਾਰ ਵੱਲੋਂ ਪੰਜਾਬੀ ਮਾਂ ਬੋਲੀ ਲਈ ਲਏ ਇਤਿਹਾਸਿਕ ਫੈਸਲੇ ਵਿਚ ਆਪਣਾ ਬਣਦਾ ਯੋਗਦਾਨ ਪਾਈਏ ਅਤੇ ਵੱਧ ਤੋਂ ਵੱਧ ਆਪਣੀ ਮਾਤਰ ਭਾਸ਼ਾ ਪੰਜਾਬੀ ਮਾਂ ਬੋਲੀ ਨੂੰ ਤਰਜੀਹ ਦਈਏ। ਸਤਨਾਮ ਸਿੰਘ ਜਲਵਾਹਾ ਨੇ ਮਾਨ ਸਰਕਾਰ ਵੱਲੋਂ ਮਾਂ ਬੋਲੀ ਪੰਜਾਬੀ ਲਈ ਲਏ ਇਤਿਹਾਸਿਕ ਫੈਸਲੇ ਨੂੰ ਸ਼ਲਾਘਾਯੋਗ ਕਦਮ ਦੱਸਦਿਆਂ ਮਾਨ ਸਰਕਾਰ ਦਾ ਧੰਨਵਾਦ ਕੀਤਾ।