ਤਿੰਨੇ ਕਾਲੇ ਕਾਨੂੰਨਾਂ ਦੇ ਨਾਲ ਜਿਥੇ ਖੇਤੀ ਦਾ ਉਜਾੜਾ ਹੋਣਾ ਹੈ ਉੱਥੇ ਹੋਰਨਾਂ ਕਾਰੋਬਾਰਾਂ ਵਾਂਗੂੰ ਨਵੀਂ ਸਿੱਖਿਆ ਨੀਤੀ ‘ਚ ਹਿੰਦੂ ਰਾਸ਼ਟਰ ਦੇ ਏਜੰਡੇ ਤਹਿਤ ਸਿੱਖਿਆ ਦਾ ਵੀ ਭਗਵਾਂਕਰਨ ਕੀਤਾ ਜਾ ਰਿਹਾ ਹੈ – ਬਚਿੱਤਰ ਕੌਰ ਤਲਵੰਡੀ

ਨਵੀਂ ਦਿੱਲੀ ( ਸਵਰਨ ਜਲਾਣ )ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ‘ਤੇ ਚੱਲ ਰਹੇ ਪੱਕੇ ਮੋਰਚਿਆਂ ‘ਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਵਿਖੇ ਚੱਲ ਰਹੀ ਸਟੇਜ ਦੀ ਕਾਰਵਾਈ ਅੱਜ ਆਪਣੀ ਵਾਰੀ ਮੁਤਾਬਿਕ ਔਰਤਾਂ ਨੇ ਸੰਭਾਲੀ ।
ਮੋਗੇ ਜ਼ਿਲ੍ਹੇ ਤੋਂ ਔਰਤ ਆਗੂ ਬਚਿੱਤਰ ਕੌਰ ਤਲਵੰਡੀ ਮੱਲੀਆਂ ਨੇ ਕਿਹਾ ਕਿ ਖੇਤੀ ਸਬੰਧੀ ਬਣਾਏ ਤਿੰਨੇ ਕਾਲੇ ਕਾਨੂੰਨਾਂ ਦੇ ਨਾਲ ਜਿਥੇ ਖੇਤੀ ਦਾ ਉਜਾੜਾ ਹੋਣਾ ਹੈ ਉੱਥੇ ਹੋਰਨਾਂ ਕਾਰੋਬਾਰਾਂ ਵਾਂਗੂੰ ਨਵੀਂ ਸਿੱਖਿਆ ਨੀਤੀ ‘ਚ ਹਿੰਦੂ ਰਾਸ਼ਟਰ ਦੇ ਏਜੰਡੇ ਤਹਿਤ ਸਿੱਖਿਆ ਦਾ ਵੀ ਭਗਵਾਂਕਰਨ ਕੀਤਾ ਜਾ ਰਿਹਾ ਹੈ। ਜਿਵੇਂ ਕਿ ਸਮਾਜਿਕ ਸਿੱਖਿਆ ਦੇ ਸਿਲੇਬਸ ‘ਚ ਵੱਡੀ ਤਬਦੀਲੀ ਕਰ ਕੇ ਸਾਨੂੰ ਆਪਣੇ ਪੁਰਾਣੇ ਵਿਰਸੇ ਤੋਂ ਦੂਰ ਕੀਤਾ ਜਾ ਰਿਹਾ ਹੈ।ਇਸ ਦੇ ਲਾਗੂ ਹੋਣ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਸਮਾਜ ਨੂੰ ਸੇਧ ਦੇਣ ਵਾਲੀਆਂ ਕਦਰਾਂ ਕੀਮਤਾਂ ਤੋਂ ਵਿਸਰ ਜਾਣਗੀਆਂ ਅਤੇ ਬੱਚਿਆਂ ਦੇ ਭਵਿੱਖ ਨੂੰ ਵਿਗਿਆਨਕ ਸੋਚ ਨਾਲੋਂ ਤੋਡ਼ ਕੇ ਹਿੰਦੂਵਾਦੀ ਕੂੜ ਪ੍ਰਚਾਰ ਦਿਮਾਗਾ ‘ਚ ਭਰਿਆ ਜਾਵੇਗਾ। ਇਸ ਕਰਕੇ ਇੰਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਨਾਲ ਨਾਲ ਲਾਗੂ ਕੀਤੀ ਜਾ ਰਹੀ ਨਵੀਂ ਸਿੱਖਿਆ ਨੀਤੀ ਦੇ ਵਿਰੁੱਧ ਵੀ ਲੜਨਾ ਪਵੇਗਾ।
ਮਨਜੀਤ ਕੌਰ ਸੰਗਤੀਵਾਲਾ ਨੇ ਕਿਹਾ ਕਿ ਇਹ ਲੜਾਈ ਸਿਰਫ ਕਿਸਾਨਾਂ ਦੀ ਨਹੀਂ ਹੈ। ਇਹ ਲੜਾਈ ਭਾਰਤ ਦੇ ਕੁੱਲ ਕਿਰਤੀ ਲੋਕਾਂ ਦੀ ਬਣਦੀ ਹੈ ਕਿਉਂਕਿ 1947 ਤੋਂ ਪਹਿਲਾਂ ਵੀ ਜਦੋਂ ਬਰਤਾਨਵੀ ਸਾਮਰਾਜ ਦਾ ਕਬਜ਼ਾ ਹੋਣ ਕਰਕੇ ਇੱਥੋਂ ਦੇ ਕਿਰਤੀਆ ਦੀ ਲੁੱਟ ਕੀਤੀ ਜਾ ਰਹੀ ਸੀ ਉਦੋਂ ਵੀ ਸੰਘਰਸ਼ਸ਼ੀਲ ਲੋਕਾਂ ਨੇ ਵੱਡੀਆਂ ਕੁਰਬਾਨੀਆਂ ਦੇ ਕੇ ਇੱਥੋ ਬਰਤਾਨਵੀ ਸਾਮਰਾਜ ਨੂੰ ਕੱਢਿਆ ਸੀ ਪਰ ਉਸ ਤੋਂ ਬਾਅਦ ਵੀ ਸੰਪੂਰਨ ਆਜ਼ਾਦੀ ਨਹੀਂ ਮਿਲੀ ਕਿਉਂਕਿ ਸਾਡੇ ਦੇਸ਼ ਦੇ ਲੋਕਾਂ ਨੂੰ ਗੁਲਾਮੀ ਦੇ ਪਿੰਜਰਿਆਂ ‘ਚੋ ਕੱਢਣ ਲਈ ਭਗਤ ਸਿੰਘ ਵਰਗਿਆਂ ਨੇ ਬਰਾਬਰਤਾ ਦੇ ਨਾਅਰਿਆਂ ਦੇ ਨਾਲ ਨਾਲ ਜਿੰਨਾ ਚਿਰ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਬੰਦ ਨਹੀਂ ਹੁੰਦੀ ਉਦੋ ਤੱਕ ਸਾਡੀ ਲੜਾਈ ਜਾਰੀ ਰਹੇਗੀ। ਇਸੇ ਕੜੀ ਦੇ ਤਹਿਤ ਸੰਸਾਰ ਦੇ ਸਾਮਰਾਜੀ ਘਰਾਣਿਆਂ ਦੀ ਲੁੱਟ ਤੋਂ ਖਹਿੜਾ ਛੁਡਾਉਣ ਲਈ ਇਹ ਲੜਾਈ ਭਾਰਤ ਦੇ ਸਮੂਹ ਕਿਰਤੀ ਲੋਕਾਂ ਦੀ ਬਣਦੀ ਹੈ ।ਉਨ੍ਹਾਂ ਕਿਹਾ ਕਿ ਮੌਕੇ ਦੀ ਭਾਜਪਾ ਹਕੂਮਤ ਵੱਲੋਂ ਪਾਸ ਕੀਤੇ ਖੇਤੀ ਨੂੰ ਹੜੱਪਣ ਵਾਲੇ ਕਾਨੂੰਨਾਂ ਅਤੇ ਮਜ਼ਦੂਰਾਂ ਦੀ ਲੁੱਟ ਤੇਜ਼ ਕਰਨ ਲਈ ਕਿਰਤ ਕਾਨੂੰਨਾਂ ‘ਚ ਸੋਧ ਵਰਗੇ ਕਾਨੂੰਨਾ ਖ਼ਿਲਾਫ਼ ਸਾਨੂੰ ਸਾਰਿਆ ਨੂੰ ਤਕੜੇ ਹੋ ਕੇ ਲੜਨ ਦੀ ਲੋੜ ਹੈ।
ਸੰਗਰੂਰ ਜ਼ਿਲ੍ਹੇ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ ਮੋਦੀ ਹਕੂਮਤ ਨੂੰ ਸ਼ਾਇਦ ਇਹ ਭੁਲੇਖਾ ਹੋਵੇਗਾ ਕਿ ਕਿਸਾਨ ਹੰਭ ਥੱਕ ਕੇ ਘਰਾਂ ਨੂੰ ਵਾਪਸ ਚਲੇ ਜਾਣਗੇ ਪਰ ਜਥੇਬੰਦੀਆਂ ਇਨ੍ਹਾਂ ਸਰਕਾਰਾਂ ਦੇ ਸਾਰੇ ਭਰਮ ਭੁਲੇਖੇ ਕੱਢ ਕੇ ਹੀ ਦਮ ਲੈਣਗੀਆਂ। ਜਿੱਥੇ ਸਰਕਾਰਾਂ ਨੇ ਢੀਠਤਾਈ ਧਾਰੀ ਹੋਈ ਹੈ ਉਥੇ ਜਥੇਬੰਦੀਆਂ ਨੇ ਵੀ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਪਣੇ ਪੱਕੇ ਪ੍ਰਬੰਧ ਕਰ ਲਏ ਹਨ। ਜਿਵੇਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਗਦਰੀ ਬੀਬੀ ਗੁਲਾਬ ਕੌਰ ਨਗਰ ਵਿਖੇ ਆਪਣੀ ਸਟੇਜ ‘ਤੇ ਦੱਸ ਹਜ਼ਾਰ ਸਕੁਏਅਰ ਫੁੱਟ ਦਾ ਬਹੁਤ ਹੀ ਮਜ਼ਬੂਤ ਪੱਕਾ ਸ਼ੈੱਡ ਬਣਾ ਲਿਆ ਹੈ। ਲੁਟੇਰੇ ਹਾਕਮਾਂ ਵੱਲੋਂ ਬਣਾਏ ਲੋਕ ਵਿਰੋਧੀ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ਜਾਰੀ ਰਹੇਗਾ। ਅੱਜ ਦੀ ਸਟੇਜ ‘ਤੋਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਲੋਕ ਸਭਾ ਹਲਕੇ ਤੋਂ ਸ਼ਾਮ ਭਾਈ ਜ਼ਿਲ੍ਹਾ ਸ਼ੋਪਰ (ਮੱਧ ਪ੍ਰਦੇਸ਼) ਨੇ ਖੇਤੀ ਮੰਤਰੀ ਦੇ ਖੇਤੀ ਵਿਰੋਧੀ ਕਿਰਦਾਰ ਦੀ ਪੁਰਜ਼ੋਰ ਨਿੰਦਾ ਕੀਤੀ। ਹੋਰਨਾਂ ਤੋਂ ਇਲਾਵਾ ਜਸਵਿੰਦਰ ਕੌਰ ਬਾਲੀਆਂ, ਬਲਜੀਤ ਕੌਰ ਖਡਿਆਲ, ਸੁਰਜੀਤ ਕੌਰ ਭੈਣੀ ਅਤੇ ਹਰਪਾਲ ਕੌਰ ਚੌਂਕੇ ਨੇ ਵੀ ਸੰਬੋਧਨ ਕੀਤਾ।

2 thoughts on “ਤਿੰਨੇ ਕਾਲੇ ਕਾਨੂੰਨਾਂ ਦੇ ਨਾਲ ਜਿਥੇ ਖੇਤੀ ਦਾ ਉਜਾੜਾ ਹੋਣਾ ਹੈ ਉੱਥੇ ਹੋਰਨਾਂ ਕਾਰੋਬਾਰਾਂ ਵਾਂਗੂੰ ਨਵੀਂ ਸਿੱਖਿਆ ਨੀਤੀ ‘ਚ ਹਿੰਦੂ ਰਾਸ਼ਟਰ ਦੇ ਏਜੰਡੇ ਤਹਿਤ ਸਿੱਖਿਆ ਦਾ ਵੀ ਭਗਵਾਂਕਰਨ ਕੀਤਾ ਜਾ ਰਿਹਾ ਹੈ – ਬਚਿੱਤਰ ਕੌਰ ਤਲਵੰਡੀ

Leave a Reply

Your email address will not be published. Required fields are marked *

error: Content is protected !!