ਸੂਚਨਾ ਮਿਲਣ ‘ਤੇ ਪੁਲਿਸ ਮੈਂਬੂਰੀਨ ਇਲਾਕੇ ਵਿੱਚ ਬਣੇ ਪਾਰਕ ਵਿੱਚ ਪਹੁੰਚੀ ਜਿੱਥੇ ਇੱਕ ਨੌਜਵਾਨ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ।
ਮੈਲਬੋਰਨ ਦੇ ਪੱਛਮੀ ਇਲਾਕੇ ਦੇ ਮੈਂਬੂਰੀਨ ਦੇ ਪਾਰਕ ‘ਚ ਇੱਕ ਨੌਜਵਾਨ ਦੇ ਕਤਲ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇਸ ਕਤਲ ਦੇ ਸ਼ੱਕ ਦੀ ਸੂਈ ਵੀ ਮ੍ਰਿਤਕ ਦੇ ਦੋਸਤ ‘ਤੇ ਹੀ ਘੁੰਮ ਰਹੀ ਹੈ। ਇਸ ਸਬੰਧੀ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਖ਼ਬਰ ਦੇ ਨਾਲ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਸੂਚਨਾ ਮਿਲਣ ‘ਤੇ ਪੁਲਿਸ ਮੈਂਬੂਰੀਨ ਇਲਾਕੇ ਵਿੱਚ ਬਣੇ ਪਾਰਕ ਵਿੱਚ ਪਹੁੰਚੀ ਜਿੱਥੇ ਇੱਕ ਨੌਜਵਾਨ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ। ਮ੍ਰਿਤਕ ਦੀ ਪਛਾਣ 36 ਸਾਲਾ ਅਨਮੋਲ ਸਿੰਘ ਬਾਜਵਾ ਵਜੋਂ ਹੋਈ ਹੈ। ਪੁਲਿਸ ਨੇ ਮੁੱਢਲੀ ਜਾਂਚ ਵਿੱਚ ਪਾਇਆ ਕਿ ਅਨਮੋਲ ਦੀ ਮੌਤ ਸਿਰ ਵਿੱਚ ਲੱਗੀਆਂ ਗੰਭੀਰ ਸੱਟਾਂ ਦੇ ਲੱਗਣ ਦੇ ਕਾਰਨ ਹੋਈ ਤੇ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ 36 ਸਾਲਾ ਅਨਮੋਲ ਬਾਜਵਾ, ਜੋ ਚੰਗੇ ਭਵਿੱਖ ਲਈ ਕਰੀਬ 15 ਸਾਲ ਪਹਿਲਾਂ ਆਸਟ੍ਰੇਲੀਆ ਆਇਆ ਸੀ ਤੇ ਸਖ਼ਤ ਮਿਹਨਤ ਕਰ ਰਿਹਾ ਸੀ। ਇਸ ਇਲਾਕੇ ਵਿੱਚ ਹੀ ਆਪਣੀ ਪਤਨੀ ਤੇ ਦੋ ਬੱਚਿਆਂ ਦੇ ਨਾਲ ਰਹਿ ਰਿਹਾ ਸੀ। ਮ੍ਰਿਤਕ ਦੇ ਪਰਿਵਾਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ, ਅਨਮੋਲ ਸੋਮਵਾਰ ਰਾਤ ਨੂੰ ਆਪਣੇ ਦੋਸਤ ਨਾਲ ਗਿਆ ਸੀ ਜਿਸ ਦੀ ਪਹਿਲਾਂ ਵੀ ਉਸ ਨੇ ਵਿੱਤੀ ਮਦਦ ਕੀਤੀ ਸੀ। ਪਰ ਜਦੋਂ ਉਹ ਘਰ ਨਹੀਂ ਪਰਤਿਆਂ ਤਾਂ ਉਨ੍ਹਾਂ ਦੀ ਪਤਨੀ ਨੇ ਪੁਲਿਸ ਨੂੰ ਸੂਚਿਤ ਕੀਤਾ ਪਰ ਮੰਗਲਵਾਰ ਸਵੇਰੇ 7:30 ਵਜੇ ਅਨਮੋਲ ਦੀ ਲਾਸ਼ ਐਲੀਮੈਂਟਰੀ ਰੋਡ, ਮੈਂਬੂਰੀਨ ਦੇ ਪਾਰਕ ਵਿੱਚ ਮਿਲੀ।
ਅਨਮੋਲ ਦੇ ਦੋਸਤਾਂ ਦਾ ਕਹਿਣਾ ਹੈ ਕਿ ਅਨਮੋਲ ਇੱਕ ਬਹੁਤ ਹੀ ਸਾਦਗੀ ਵਾਲਾ ਤੇ ਨਰਮ ਸੁਭਾਅ ਵਾਲਾ ਨੌਜਵਾਨ ਸੀ ਤੇ ਕ੍ਰਿਕਟ ਦਾ ਵਧੀਆ ਖਿਡਾਰੀ ਸੀ ਜਿਸ ਦੀ ਕਿਸੇ ਨਾਲ ਕੋਈ ਵੀ ਰੰਜਿਸ਼ ਨਹੀਂ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਨੂੰ ਪਾਰਕ ਵਿੱਚ ਮਿਲਿਆ ਸੀ ਉਹ ਘਟਨਾ ਤੋਂ ਬਾਅਦ ਸ਼ੈਪਰਟਨ ਭੱਜ ਗਿਆ ਸੀ, ਪਰ ਬਾਅਦ ਵਿੱਚ ਖੁਦ ਪੁਲਿਸ ਦੇ ਅੱਗੇ ਪੇਸ਼ ਹੋ ਗਿਆ ਜਿੱਥੇ ਉਸ ਨੂੰ ਦੀ ਹਿਰਾਸਤ ਵਿੱਚ ਲੈ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਰਿਮਾਂਡ ਹਾਸਲ ਕੀਤਾ ਗਿਆ।
ਪੁਲਿਸ ਨੇ ਘਟਨਾ ਵਾਲੀ ਜਗਾ ਦੇ ਇਲਾਕੇ ਦੇ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਸਬੰਧੀ ਕੋਈ ਵੀ ਜਾਣਕਾਰੀ ਹੈ ਤਾਂ ਉਨ੍ਹਾਂ ਨਾਲ ਸੰਪਰਕ ਕਰਨ। ਦੂਜੇ ਪਾਸੇ ਭਾਈਚਾਰੇ ਵਲੋਂ ਅਨਮੋਲ ਦੇ ਪਰਿਵਾਰ ਦੀ ਮਦਦ ਲਈ ਇੱਕ ਫੰਡ ਰੇਜ਼ਰ ਵੀ ਚਲਾਇਆ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਦੀ ਆਰਥਿਕ ਸਹਾਇਤਾ ਕੀਤੀ ਜਾ ਸਕੇ।
About The Author