ਨਵਾਂਸ਼ਹਿਰ 02 ਮਈ ( ਪਰਮਿੰਦਰ ਨਵਾਂਸ਼ਹਿਰ ) ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਸੂਬਾ ਸੰਯੁਕਤ ਸਕੱਤਰ ਸਤਨਾਮ ਸਿੰਘ ਜਲਵਾਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰੋਨਾ ਦੀ ਮਹਾਂਮਾਰੀ ਨੂੰ ਸ਼ੁਰੂ ਹੋਇਆ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਸਰਕਾਰ ਵੱਲੋਂ ਸਿਹਤ ਪ੍ਰਬੰਧਾਂ ਵਿੱਚ ਪੁਖਤਾ ਇੰਤਜ਼ਾਮ ਕਰਨ ਲਈ ਪਿਛਲੇ ਸਾਲ ਕਰੀਬ ਪੰਜ ਮਹੀਨੇ ਲੌਕਡਾਊਨ ਕਰਕੇ ਲੋਕਾਂ ਨੂੰ ਘਰਾਂ ਵਿਚ ਡੱਕਕੇ ਰੱਖਿਆ ਸੀ, ਪਰ ਅੱਧੇ ਸਾਲ ਦੇ ਲੰਮੇ ਵਕਫੇ ਵਿੱਚ ਵੀ ਅੱਜ ਤੱਕ ਸਰਕਾਰ ਅਤੇ ਪ੍ਰਸ਼ਾਸਨ ਤੋਂ ਸਿਹਤ ਸਹੂਲਤਾਂ ਵਿੱਚ ਕੋਈ ਸੁਧਾਰ ਨਹੀਂ ਹੋਇਆ, ਜਦੋਂਕਿ ਹੁਣ ਕਰੋਨਾ ਦਾ ਦੂਜਾ ਪੜਾਅ ਸ਼ੁਰੂ ਹੋਣ ਤੋਂ ਬਾਅਦ ਨਵਾਂਸ਼ਹਿਰ ਹਲਕੇ ਦੇ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲਾਂ ਵਿਚ ਕਿਸੇ ਵੀ ਮਰੀਜ਼ ਨੂੰ ਦਾਖ਼ਲ ਨਹੀਂ ਕੀਤਾ ਜਾ ਰਿਹਾ ਅਤੇ ਨਿਕੰਮੇ ਸਿਹਤ ਪ੍ਰਬੰਧਾਂ ਕਾਰਨ ਲੋਕਾਂ ਨੂੰ ਮਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸਮਾਂ ਰਹਿੰਦੇ ਅਖ਼ਬਾਰੀ ਬਿਆਨਬਾਜ਼ੀ ਤੋਂ ਇਲਾਵਾ ਸਿਹਤ ਪ੍ਰਬੰਧਾਂ ਵਿੱਚ ਪੁਖਤਾ ਇੰਤਜ਼ਾਮ ਕੀਤੇ ਹੁੰਦੇ ਤਾਂ ਅੱਜ ਲੋਕਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਨਾ ਹੋਣਾ ਪੈਂਦਾ। ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਦਿੱਲੀ ਵਿਚ ਕੇਜਰੀਵਾਲ ਸਰਕਾਰ ਨਾਲ ਕੇਂਦਰ ਦੀ ਮੋਦੀ ਸਰਕਾਰ ਆਕਸੀਜਨ ਨੂੰ ਲੈਕੇ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਸੈਂਕੜੇ ਲੋਕਾਂ ਨੂੰ ਤੜਫਾਂ ਤੜਫਾਂ ਕੇ ਮਾਰ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਹੋਈ ਮੁੱਖਮੰਤਰੀਆਂ ਨਾਲ ਮੀਟਿੰਗ ਦਾ ਲਾਈਵ ਵੀਡਿਓ ਕਰੀਬ ਹਰ ਦੇਸ਼ ਵਾਸੀ ਨੇ ਦੇਖਿਆ ਹੈ ਕਿ ਉਸ ਮੀਟਿੰਗ ਵਿੱਚ ਕਿਵੇ ਇੱਕ ਪੜਿਆ ਲਿਖਿਆ ਮੁੱਖਮੰਤਰੀ ਆਪਣੇ ਸੂਬੇ ਦੇ ਲੋਕਾਂ ਨੂੰ ਬਚਾਉਣ ਲਈ ਕਿਵੇ ਇੱਕ ਅਨਪੜ੍ਹ ਪ੍ਰਧਾਨਮੰਤਰੀ ਅੱਗੇ ਗਿੜਗਿੜਾ ਕੇ ਤਰਲੇ ਮਿੰਨਤਾਂ ਕਰ ਰਿਹਾ ਸੀ ਕਿ ਦਿੱਲੀ ਨੂੰ ਆਕਸੀਜਨ ਦੇ ਦਿਓ। ਪਰ ਪ੍ਰਧਾਨ ਮੰਤਰੀ ਮੋਦੀ ਉਸ ਮੀਟਿੰਗ ਵਿੱਚ ਕਿੰਨੇ ਹੰਕਾਰ ਭਰੇ ਲਹਿਜੇ ਨਾਲ ਕਹਿ ਰਿਹਾ ਸੀ ਕਿ ਇਹ ਵੀਡੀਓ ਲੋਕਾਂ ਨੂੰ ਨਹੀਂ ਦਿਖਾਉਣੀ ਸੀ,ਇਸ ਤਰ੍ਹਾਂ ਕਰਕੇ ਤੁਸੀਂ ਪ੍ਰੋਟੋਕਾਲ ਤੋੜ ਰਹੇ ਹੋ, ਜੇਕਰ ਦੁਨੀਆਂ ਸਾਹਮਣੇ ਉਹ ਵੀਡੀਓ ਨਾ ਆਉਂਦੀ ਤਾਂ ਪੂਰੀ ਦੁਨੀਆ ਵਿੱਚ ਗੋਦੀ ਮੀਡੀਆ ਨੇ ਕੇਜਰੀਵਾਲ ਨੂੰ ਰੱਜਕੇ ਭੰਡਣਾ ਸੀ। ਮੋਦੀ ਸਰਕਾਰ ਦੀ ਅੱਤ ਦਰਜੇ ਦੀ ਘਟੀਆ ਸੋਚ ਕਰਕੇ ਸੈਂਕੜੇ ਲੋਕ ਆਕਸੀਜਨ ਨਾ ਦੇਣ ਕਰਕੇ ਮੌਤ ਦੇ ਮੂੰਹ ਵਿੱਚ ਚਲੇ ਗਏ। ਪਰ ਮੋਦੀ ਸਰਕਾਰ ਵੱਲੋਂ ਬੇਹੱਦ ਘਟੀਆ ਦਰਜੇ ਦੀ ਕੀਤੀ ਰਾਜਨੀਤੀ ਦੇ ਬਾਵਜੂਦ ਕੇਜਰੀਵਾਲ ਨੇ ਹਾਰ ਮੰਨਕੇ ਪੱਲਾ ਨਹੀਂ ਝਾੜਿਆ ਸਗੋਂ ਕੇਜਰੀਵਾਲ ਸਰਕਾਰ ਨੇ ਦਿਨ ਰਾਤ ਮਿਹਨਤ ਕਰਕੇ ਸਿਰਫ਼ ਤਿੰਨ ਦਿਨਾਂ ਵਿਚ ਦਿੱਲੀ ਦੇ ਲੋਕਾਂ ਲਈ 13000 ਨਵੇਂ ਆਕਸੀਜਨ ਬੈਂਡ ਤਿਆਰ ਕਰ ਦਿੱਤੇ ਹਨ ਅਤੇ ਬਾਕੀ ਸੂਬਿਆਂ ਤੋਂ ਆਕਸੀਜਨ ਦੀ ਮੱਦਦ ਮੰਗਕੇ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪਰ ਪੰਜਾਬ ਦੀ ਕੈਪਟਨ ਸਰਕਾਰ ਮੂਕ ਦਰਸ਼ਕ ਬਣਕੇ ਤਮਾਸ਼ਾ ਦੇਖ ਰਹੀ ਹੈ ਅਤੇ ਲੋਕਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਨ ਲਈ ਸਿਵਾਏ ਲੋਕਡਾਊਨ ਦੇ ਫਰਮਾਨ ਜਾਰੀ ਕਰਨ ਤੋਂ ਇਲਾਵਾ ਸਿਹਤ ਪ੍ਰਬੰਧਾਂ ਵਿੱਚ ਕੁਝ ਵੀ ਸੁਧਾਰ ਨਹੀਂ ਕਰ ਰਹੀ। ਪੰਜਾਬ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਤੁਰੰਤ ਸਿਹਤ ਪ੍ਰਬੰਧਾਂ ਵਿੱਚ ਪੁਖਤਾ ਅਤੇ ਲੋੜੀਂਦੇ ਇੰਤਜ਼ਾਮ ਕੀਤੇ ਜਾਣ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ।