ਬੰਦੀ ਸਿੰਘਾਂ ਦੀ ਰਿਹਾਈ ਲਈ Chandigarh ਕੂਚ, ਨਿਹੰਗਾਂ ਨੇ CM ਰਿਹਾਇਸ਼ ਘੇਰਨ ਦੀ ਦਿੱਤੀ ਚਿਤਾਵਨੀ
ਮੰਗਲਵਾਰ ਸਵੇਰ ਤੋਂ ਹੀ ਮੋਹਾਲੀ ਪੁਲਿਸ ਨੇ ਧਰਨੇ ਵਾਲੀ ਥਾਂ ਤੇ ਇਸਦੇ ਆਸਪਾਸ ਦੇ ਇਲਾਕੇ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ।
ਬੰਦੀ ਸਿੰਘਾਂ ਦੀ ਰਿਹਾਈ ਲਈ ਵਾਈਪੀਐਸ ਚੌਕ ‘ਚ ਬੈਠੇ ਧਰਨਾਕਾਰੀਆਂ ਨੂੰ ਅੱਜ ਪੂਰੇ ਦੋ ਸਾਲ ਹੋ ਗਏ ਹਨ। 7 ਜਨਵਰੀ, 2023 ਨੂੰ ਪ੍ਰਦਰਸ਼ਨਕਾਰੀਆਂ ਨੇ ਵਾਈਪੀਐਸ ਚੌਕ ਵਿਖੇ ਪੱਕਾ ਧਰਨਾ ਦਿੱਤਾ। ਅੱਜ 2 ਸਾਲ ਪੂਰੇ ਹੋਣ ‘ਤੇ ਵਾਈਪੀਐਸ ਚੌਕ ‘ਤੇ ਧਰਨਾ ਦੇ ਰਹੇ ਹਨ।
ਧਰਨਾਕਾਰੀਆਂ ਨੇ ਇਕ ਦਿਨ ਪਹਿਲਾਂ ਹੀ ਆਪਣੇ ਧਰਨੇ ਸਬੰਧੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਸੀ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਠੋਸ ਪ੍ਰਬੰਧ ਕੀਤੇ ਗਏ ਹਨ। ਬੈਰੀਕੇਡ ਲਗਾ ਕੇ ਰੂਟ ਨੂੰ ਡਾਇਵਰਟ ਕੀਤਾ ਗਿਆ ਹੈ।
ਬੰਦੀ ਸਿੰਘਾਂ ਦੀ ਰਿਹਾਈ ਲਈ ਅੜੇ ਪ੍ਰਦਰਸ਼ਨਕਾਰੀ
YPS ਚੌਕ ਚੰਡੀਗੜ੍ਹ ਤੇ ਮੋਹਾਲੀ ਦੀ ਸਰਹੱਦ ਹੈ। ਪਹਿਲਾਂ ਇਕ ਸਾਲ ਤਕ ਇਹ ਸੜਕ ਦੋਵੇਂ ਪਾਸੇ ਤੋਂ ਬੰਦ ਰਹੀ ਜਿਸ ਕਾਰਨ ਚੰਡੀਗੜ੍ਹ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਹਾਈ ਕੋਰਟ ਵੱਲੋਂ ਨੋਟਿਸ ਲੈਂਦਿਆਂ ਮੋਹਾਲੀ ਪੁਲਿਸ ਤੇ ਪ੍ਰਸ਼ਾਸਨ ਨੇ ਵਨ ਵੇ ਰੋਡ ਖੋਲ੍ਹ ਦਿੱਤਾ ਸੀ ਪਰ ਧਰਨਾਕਾਰੀ ਅੜੇ ਹੋਏ ਹਨ ਕਿ ਜਦੋਂ ਤਕ ਬੰਦੀ ਸਿੱਖਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਹ ਵਾਈਪੀਐਸ ਚੌਕ ਤੋਂ ਆਪਣਾ ਧਰਨਾ ਖ਼ਤਮ ਨਹੀਂ ਕਰਨਗੇ।
ਮੋਹਾਲੀ-ਚੰਡੀਗੜ੍ਹ ਬਾਰਡਰ ਬਣਿਆ ਪੁਲਿਸ ਛਾਉਣੀ
ਵਾਈਪੀਐਸ ਚੌਕ ਮੰਗਲਵਾਰ ਨੂੰ ਛਾਉਣੀ ‘ਚ ਤਬਦੀਲ ਹੋ ਗਿਆ। ਐਸਐਸਪੀ ਮੋਹਾਲੀ ਦੀਪਕ ਪਾਰਿਖ ਤੋਂ ਲੈ ਕੇ ਪੁਲਿਸ ਦੇ ਸਾਰੇ ਉੱਚ ਅਧਿਕਾਰੀ ਮੌਕੇ ’ਤੇ ਮੌਜੂਦ ਹਨ। ਪ੍ਰਦਰਸ਼ਨਕਾਰੀ ਬੰਦੀ ਸਿੱਖਾਂ ਨੂੰ ਰਿਹਾਅ ਨਾ ਕੀਤੇ ਜਾਣ ‘ਤੇ ਗੁੱਸੇ ‘ਚ ਹਨ ਤੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਾ ਚਾਹੁੰਦੇ ਹਨ।
ਮੋਹਾਲੀ ਪੁਲਿਸ ਦੇ ਨਾਲ-ਨਾਲ ਚੰਡੀਗੜ੍ਹ ਪੁਲਿਸ ਵੀ ਅਲਰਟ ਹੈ। ਮੋਹਾਲੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਜ਼ਿਲ੍ਹੇ ਦੇ ਸਾਰੇ ਥਾਣਿਆਂ ਦੇ ਐਸਐਚਓਜ਼ ਨੂੰ ਬੁਲਾ ਕੇ ਵੱਖ-ਵੱਖ ਚੌਕਾਂ ‘ਚ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ।
ਮੰਗਲਵਾਰ ਸਵੇਰ ਤੋਂ ਹੀ ਮੋਹਾਲੀ ਪੁਲਿਸ ਨੇ ਧਰਨੇ ਵਾਲੀ ਥਾਂ ਤੇ ਇਸਦੇ ਆਸਪਾਸ ਦੇ ਇਲਾਕੇ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ। ਕਰੀਬ 10 ਵਜੇ ਪੁਲਿਸ ਮੁਲਾਜ਼ਮਾਂ, ਹੋਮ ਗਾਰਡਾਂ, ਕਮਾਂਡੋਜ਼ ਅਤੇ ਦੰਗਾ ਰੋਕੂ ਪੁਲਿਸ ਮੁਲਾਜ਼ਮਾਂ ਨੇ ਚਾਰਜ ਸੰਭਾਲ ਲਿਆ। 2500 ਤੋਂ ਵੱਧ ਮੁਲਾਜ਼ਮ ਸੜਕਾਂ ‘ਤੇ ਤਾਇਨਾਤ ਹਨ।
9 ਫਰਵਰੀ 2023 ਨੂੰ ਹੋਈ ਝੜਪ ‘ਚ 40 ਪੁਲਿਸ ਮੁਲਾਜ਼ਮ ਹੋਏ ਸੀ ਜ਼ਖ਼ਮੀ
ਤੁਹਾਨੂੰ ਦੱਸ ਦੇਈਏ ਕਿ ਸਾਲ 2023 ‘ਚ 9 ਫਰਵਰੀ ਨੂੰ ਕੌਮੀ ਇਨਸਾਫ਼ ਮੋਰਚਾ ਦੇ ਵਰਕਰਾਂ ਤੇ ਪੁਲਿਸ ਵਿਚਾਲੇ ਝੜਪ ਹੋਈ ਸੀ। ਇਸ ‘ਚ ਕਰੀਬ 40 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਵੱਲੋਂ ਮੋਰਚੇ ਦੇ 7 ਪ੍ਰਬੰਧਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ।
ਇਸ ਤੋਂ ਇਲਾਵਾ ਮੋਹਾਲੀ ‘ਚ ਵੀ ਮੋਰਚਾ ਵਰਕਰਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ। ਇਹ ਕੇਸ ਸੈਕਟਰ 34 ਦੇ ਤਤਕਾਲੀ ਐਸਐਚਓ ਦਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਕਿਉਂਕਿ ਝੜਪ ਹੋਈ ਉਸ ਵੇਲੇ ਉਹ ਮੌਕੇ ‘ਤੇ ਮੌਜੂਦ ਸਨ।