DMK MP ਦੇ ਇੰਜੀਨੀਰਿੰਗ ਕਾਲਜ ’ਚ 2 ਦਿਨ ਚੱਲੀ ਈਡੀ ਦੀ ਛਾਪੇਮਾਰੀ

ਤਾਮਿਲਨਾਡੂ ਦੇ ਵੈਲੋਰ ਵਿਚ ਡੀਐੱਮਕੇ ਸੰਸਦ ਮੈਂਬਰ ਕਥਿਰ ਅਨੰਦ ਦੇ ਕਿੰਗਸਟਨ ਇੰਜੀਨੀਰਿੰਗ ਕਾਲਜ ਵਿਚ ਈਡੀ ਵਿਚ ਦੋ ਦਿਨਾਂ ਤੱਕ ਛਾਪੇਮਾਰੀ ਕੀਤੀ।
ਤਾਮਿਲਨਾਡੂ ਦੇ ਵੈਲੋਰ ਵਿਚ ਡੀਐੱਮਕੇ ਸੰਸਦ ਮੈਂਬਰ ਕਥਿਰ ਅਨੰਦ ਦੇ ਕਿੰਗਸਟਨ ਇੰਜੀਨੀਰਿੰਗ ਕਾਲਜ ਵਿਚ ਈਡੀ (ਇੰਫੋਰਸਮੈਂਟ ਡਾਇਰੈਕਟੋਰੇਟ) ਵਿਚ ਦੋ ਦਿਨਾਂ ਤੱਕ ਛਾਪੇਮਾਰੀ ਕੀਤੀ।
ਵੈਲੋਰ ਲੋਕ ਸਭਾ ਹਲਕੇ ਤੋਂ ਦੋ ਵਾਰ ਸੰਸਦ ਮੈਂਬਰ ਰਹੇ ਅਨੰਦ ਡੀਐੱਮਕ ਦੇ ਜਨਰਲ ਸਕੱਤਰ ਤੇ ਤਾਮਿਲਨਾਡੂ ਦੇ ਜਲ ਵਸੀਲੇ ਮੰਤਰੀ ਐੱਸ ਦੁਰਈਮੁਰੂਗਨ ਦੇ ਪੁੱਤਰ ਹਨ, ਜੋ ਕਿ ਮੁੱਖ ਮੰਤਰੀ ਐੱਮਕੇ ਸਟਾਲਿਨ ਦੀ ਕੈਬਨਿਟ ਵਿਚ ਦੂਜੇ ਨੰਬਰ ’ਤੇ ਹਨ।
44 ਘੰਟਿਆਂ ਤੱਕ ਚੱਲੀ ਛਾਪੇਮਾਰੀ ਦੌਰਾਨ ਈਡੀ ਦੇ 15 ਤੋਂ ਵੱਧ ਅਧਿਕਾਰੀ ਅੱਠ ਕਾਰਾਂ ਵਿਚ ਸਵਾਰ ਹੋ ਕੇ ਪੁੱਜੇ ਸਨ। ਅਨੰਦ ਤੇ ਦੁਰਈਮੁਰੂਗਨ ਦੇ ਟਿਕਾਣਿਆਂ ਅਤੇ ਕਾਟਪਾਡੀ ਤੇ ਵੈਲੋਰ ਵਿਚ ਉਨ੍ਹਾਂ ਦੇ ਸਹਿਯੋਗੀਆਂ ਨਾਲ ਜੁੜੀਆਂ ਜਾਇਦਾਦਾਂ ਸਮੇਤ ਕੋਈ ਸਥਾਨਾਂ ’ਤੇ ਤਲਾਸ਼ੀ ਲਈ ਗਈ ਹੈ।
ਸੂਤਰਾਂ ਮੁਤਾਬਕ ਈਡੀ ਨੇ ਬੇਹਿਸਾਬ ਨਕਦੀ, ਕਾਲਜ ਦੇ ਵਿੱਤੀ ਲੈਣ-ਦੇਣ ਨਾਲ ਸਬੰਧਤ ਦਸਤਾਵੇਜ਼ ਤੇ ਇਕ ਹਾਰਡ ਡਿਸਕ ਜ਼ਬਤ ਕੀਤੀ ਹੈ। ਕਾਲਜ ਦੇ ਅਧਿਕਾਰੀਆਂ ਨੇ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਜ਼ਬਤ ਕੀਤੀ ਗਈ ਧਨਰਾਸ਼ੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੇ ਪੇਂਗਲ ਤਿਓਹਾਰ ਦੇ ਬੋਨਸ ਦੇ ਭੁਗਤਾਨ ਲਈ ਰੱਖੀ ਸੀ, ਇਸ ਨਕਦੀ ਵਿਚ ਵਿਦਿਆਰਥੀਆਂ ਤੋਂ ਵਸੂਲੀ ਫੀਸ ਵੀ ਸੀ।
ਮੰਨਿਆ ਜਾ ਰਿਹਾ ਹੈ ਕਿ ਇਹ ਤਲਾਸ਼ੀ 2019 ਦੇ ਇਨਕਮ ਟੈਕਸ ਮਾਮਲੇ ਨਾਲ ਜੁੜੀ ਹੈ, ਜਿਸ ਵਿਚ ਕਥਿਰ ਅਨੰਦ ਵਿਰੁੱਧ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਕੈਸ਼ ਫਾਰ ਵੋਟ ਦੇ ਦੋਸ਼ ਸ਼ਾਮਲ ਹਨ।
ਉਸ ਸਮੇਂ ਚੋਣ ਅਧਿਕਾਰੀਆਂ ਨੇ ਅਨੰਦ ਦੇ ਸਹਿਯੋਗੀਆਂ ਤੋਂ 11 ਕਰੋੜ ਰੁਪਏ ਜ਼ਬਤ ਕੀਤੇ ਸਨ, ਜਿਸ ਕਾਰਨ ਵੈਲੋਰ ਚੋਣ ਹਲਕੇ ਵਿਚ ਚੋਣ ਰੱਦ ਕਰ ਦਿੱਤੀ ਗਈ ਸੀ।
ਉਸ ਸਮੇਂ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਚੋਣ ਕਮਿਸ਼ਨ ਦੀ ਸਿਫ਼ਾਰਸ਼ ’ਤੇ ਅਮਲ ਕਰਦੇ ਹੋਏ ਅਨੰਦ ਦੇ ਸਹਿਯੋਗੀਆਂ ਤੋਂ ਬੇਹਿਸਾਬ ਨਕਦੀ ਜ਼ਬਤ ਹੋਣ ਕਾਰਨ ਵੈਲੋਰ ਲੋਕ ਸਭਾ ਚੋਣ ਰੱਦ ਕਰ ਦਿੱਤੀ ਸੀ। 18 ਅਪ੍ਰੈਲ 2019 ਨੂੰ ਹੋਣ ਵਾਲੀ ਚੋਣ ਦੋ ਦਿਨ ਪਹਿਲਾਂ 16 ਅਪ੍ਰੈਲ ਨੂੰ ਰੱਦ ਕਰ ਦਿੱਤੀ ਗਈ ਸੀ।