NIA ਦੀ ਟੀਮ ਵੱਲੋਂ ਫੌਜ ਚ’ਤਾਇਨਾਤ ਜਵਾਨ ਦੇ ਘਰ ਤੇ ਮਾਰਿਆ ਛਾਪਾ,ਕਰੀਬ ਢਾਈ ਘੰਟੇ ਚੱਲੀ ਰੇਡ।

ਭਵਾਨੀਗੜ੍ਹ (ਬਲਵਿੰਦਰ ਬਾਲੀ)    ਸਥਾਨਕ ਸ਼ਹਿਰ ਨੇੜਲੇ ਇਕ ਪਿੰਡ ’ਚ ਅੱਜ ਸਵੇਰੇ ਤੜਕੇ ਐੱਨ.ਆਈ.ਏ ਵੱਲੋਂ ਭਾਰਤੀ ਫੌਜ ’ਚ ਨੌਕਰੀ ਕਰਦੇ ਇਕ ਜਵਾਨ ਦੇ ਘਰ ਰੇਡ ਕਰਕੇ ਘਰ ਦੀ ਤਲਾਸ਼ੀ ਲਈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਐੱਨ.ਆਈ.ਏ ਵੱਲੋਂ ਅੱਜ ਨੇੜਲੇ ਪਿੰਡ ਮਾਝੀ ਵਿਖੇ ਸਵੇਰੇ ਤੜਕੇ ਭਾਰਤੀ ਫੌਜ ’ਚ ਤਾਇਨਾਤ ਇਕ ਜਵਾਨ ਦੇ ਘਰ ਸ਼ੱਕ ਦੇ ਅਧਾਰ ’ਤੇ ਰੇਡ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਐੱਨ.ਆਈ.ਏ ਦੀ ਟੀਮ ਵੱਲੋਂ ਸਥਾਨਕ ਪੁਲਸ ਦੀ ਮਦਦ ਨਾਲ ਤੜਕੇ ਕਰੀਬ ਸਾਢੇ 6 ਵਜੇ ਉਕਤ ਜਵਾਨ ਦੇ ਘਰ ਰੇਡ ਕੀਤੀ ਗਈ ਤੇ ਕਰੀਬ ਦੋ ਤੋਂ ਢਾਈ ਘੰਟੇ ਤੱਕ ਉਕਤ ਜਵਾਨ ਦੇ ਘਰ ਦੀ ਤਲਾਸ਼ੀ ਲੈਣ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਤੋਂ ਪੁੱਛ-ਗਿੱਛ ਕੀਤੀ ਗਈ ਤੇ ਇਨ੍ਹਾਂ ਦੇ ਮੋਬਾਇਲ ਫੋਨਾਂ ਦੀ ਵੀ ਜਾਂਚ ਕੀਤੇ ਜਾਣ ਦਾ ਪਤਾ ਚੱਲਿਆ।
ਇਸ ਸਬੰਧੀ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕਰਨ ’ਤੇ ਉਕਤ ਜਵਾਨ ਦੇ ਭਰਾ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਦੇ ਘਰ ਅਚਨਚੇਤ ਭਾਰੀ ਗਿਣਤੀ ’ਚ ਪੁਲਸ ਫੋਰਸ ਪਹੁੰਚੀ। ਪੁਲਸ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਤੋਂ ਕੁਝ ਪੁੱਛ-ਗਿੱਛ ਕੀਤੀ ਗਈ ਤੇ ਘਰ ਦੀ ਤਲਾਸ਼ੀ ਵੀ ਲਈ ਗਈ। ਇਸ ਦੌਰਾਨ ਪੁਲਸ ਨੂੰ ਉਨ੍ਹਾਂ ਘਰੋਂ ਕੁਝ ਵੀ ਗਲਤ ਬਰਾਮਦ ਨਹੀਂ ਹੋਇਆ ਤੇ ਨਾ ਹੀ ਪੁਲਸ ਨੇ ਉਨ੍ਹਾਂ ਦੇ ਘਰੋਂ ਕੋਈ ਵੀ ਮੋਬਾਇਲ ਜਾ ਕੋਈ ਹੋਰ ਵਸਤੂ ਆਪਣੇ ਕਬਜ਼ੇ ’ਚ ਲਈ। ਉਨ੍ਹਾਂ ਦੱਸਿਆ ਕਿ ਉਸ ਦਾ ਭਰਾ ਭਾਰਤੀ ਫੌਜ ’ਚ ਤਾਇਨਾਤ ਹੈ ਤੇ ਉਸ ਦੇ ਭਰਾ ਦੇ ਨਾਮ ਉਪਰ ਚੱਲਦਾ ਇਕ ਮੋਬਾਇਲ ਫੋਨ ਦਾ ਸਿਮ ਕਾਰਡ ਉਸ ਦੀ ਭਰਜਾਈ ਭਾਵ ਫੌਜੀ ਜਵਾਨ ਦੀ ਪਤਨੀ ਕੋਲ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਭਰਾਈ ਜਦੋਂ ਆਪਣੇ ਪੱਕੇ ਘਰ ਗਈ ਹੋਈ ਸੀ ਤਾਂ ਉਸ ਦੀ ਭਰਜਾਈ ਦੇ ਭਰਾ ਵੱਲੋਂ ਆਪਣੀ ਭੈਣ ਦੇ ਫੋਨ ਤੋਂ ਕਿਸੇ ਵਿਅਕਤੀ ਨਾਲ ਗੱਲਬਾਤ ਕੀਤੇ ਜਾਣ ਦੇ ਅਧਾਰ ’ਤੇ ਹੀ ਉਨ੍ਹਾਂ ਦੇ ਘਰ ਰੇਡ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਸੀ ਜਾਂਚ ਕਰਨ ਆਈ ਟੀਮ ਨੂੰ ਦੱਸ ਦਿੱਤਾ ਕਿ ਅਸੀਂ ਉਕਤ ਵਿਅਕਤੀ ਨੂੰ ਨਹੀਂ ਜਾਣਦੇ ਤੇ ਨਾ ਹੀ ਸਾਡਾ ਇਸ ਨਾਲ ਕੋਈ ਸਬੰਧੀ ਹੈ। ਐੱਨ.ਆਈ.ਏ ਦੀ ਇਸ ਰੇਡ ਸਬੰਧੀ ਭਵਾਨੀਗੜ੍ਹ ਸਬ ਡੀਵਜ਼ਨ ਦੇ ਡੀ.ਐੱਸ.ਪੀ ਰਾਹੁਲ ਕੌਂਸਲ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਐੱਨ.ਆਈ.ਏ ਵੱਲੋਂ ਅੱਜ ਪਿੰਡ ਮਾਝੀ ਵਿਖੇ ਰੇਡ ਕੀਤੀ ਗਈ ਹੈ। ਇਹ ਰੇਡ ਕਿਸ ਅਧਾਰ ’ਤੇ ਕੀਤੀ ਗਈ ਇਸ ਦੀ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਉਨ੍ਹਾਂ ਵੱਲੋਂ ਪੂਰਾ ਮਾਮਲਾ ਗੁਪਤ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਐੱਨ.ਆਈ.ਏ ਦੀ ਟੀਮ ਨੂੰ ਸੁਰੱਖਿਆਂ ਲਈ ਪੁਲਸ ਫੋਰਸ ਮੁਹੱਈਆ ਕਰਵਾਈ ਗਈ ਸੀ।