ਭਵਾਨੀਗੜ੍ਹ (ਬਲਵਿੰਦਰ ਬਾਲੀ) ਨੇੜਲੇ ਪਿੰਡ ਅਕਬਰਪੁਰ ਵਿਖੇ ਇਕ ਮੋਟਰਸਾਈਕਲ ਸਵਾਰ ਲੁਟੇਰੇ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਤੋਂ ਗੱਲੇ ’ਚ ਪਈ ਨਕਦੀ ਅਤੇ ਸਮਾਨ ਲੁੱਟ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਅਕਬਰਪੁਰ ਨਿਵਾਸੀ ਅਵਤਾਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੀ ਕਰਿਆਨੇ ਦੀ ਦੁਕਾਨ ’ਤੇ ਆਪਣੀ ਮਾਤਾ ਮਹਿੰਦਰ ਕੌਰ ਨੂੰ ਬਿਠਾ ਕੇ ਆਪ ਕੁਝ ਸਮੇਂ ਲਈ ਕਿਸੇ ਜ਼ਰੂਰੀ ਕੰਮ ਲਈ ਚਲਾ ਗਿਆ ਸੀ। ਇਸ ਦੌਰਾਨ ਉਸ ਦੀ ਦੁਕਾਨ ’ਤੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਇਕ ਨੌਜਵਾਨ ਨੇ ਉਸ ਦੀ ਮਾਤਾ ਨੂੰ ਗੱਲਾਂ ਵਿਚ ਉਲਝਾ ਕੇ ਦੁਕਾਨ ਦੇ ਗੱਲੇ ਵਿਚ ਪਈ ਕਰੀਬ 14 ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਸਮਾਨ ਚੁੱਕ ਕੇ ਆਪਣੇ ਮੋਟਰਸਾਈਕਲ ਰਾਹੀ ਮੌਕੇ ਤੋਂ ਫ਼ਰਾਰ ਹੋ ਗਿਆ। ਗੱਲੇ ’ਚੋਂ ਨਗਦੀ ਕੱਢਣ ਤੇ ਸਮਾਨ ਚੁੱਕਣ ਸਬੰਧੀ ਜਦੋਂ ਉਸ ਦੀ ਮਾਤਾ ਨੂੰ ਪਤਾ ਲੱਗਿਆ ਤਾਂ ਮਾਤਾ ਵੱਲੋਂ ਉਕਤ ਲੁੱਟੇਰੇ ਨੂੰ ਫੜਣ ਲਈ ਰੋਲਾ ਵੀ ਪਾਇਆ ਗਿਆ, ਪਰ ਉਦੋਂ ਤੱਕ ਉਹ ਇਥੋਂ ਰਫੂਚੱਕਰ ਹੋ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਉਕਤ ਲੁਟੇਰੇ ਦੀਆਂ ਤਸਵੀਰਾਂ ਉਨ੍ਹਾਂ ਦੀ ਦੁਕਾਨ ’ਤੇ ਲੱਗੇ ਕੈਮਰਿਆਂ ਵਿਚ ਕੈਦ ਹੋ ਗਈਆਂ ਹਨ, ਜਿਸ ਵਿਚ ਉਕਤ ਲਟੇਰੇ ਦੀ ਪਹਿਚਾਣ ਵੀ ਆ ਰਹੀ ਹੈ ਤੇ ਉਹ ਪਿੰਡ ਤੋਂ ਬਾਹਰ ਜਾਂਦਾ ਵੀ ਦਿਖਾਈ ਦੇ ਰਿਹਾ ਹੈ। ਉਨ੍ਹਾਂ ਵਲੋਂ ਉਕਤ ਲੁਟੇਰੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵੀ ਸਾਂਝੀਆਂ ਕੀਤੀਆਂ ਹਨ, ਤਾਂ ਜੋ ਇਸ ਲੁਟੇਰੇ ਨੂੰ ਜਲਦ ਕਾਬੂ ਕੀਤਾ ਜਾ ਸਕੇ। ਉਨ੍ਹਾਂ ਇਸ ਸਬੰਧੀ ਪੁਲਸ ਨੂੰ ਲਿਖ਼ਤੀ ਸ਼ਿਕਾਇਤ ਦਿੰਦਿਆਂ ਇਸ ਲੁਟੇਰੇ ਨੂੰ ਜਲਦ ਕਾਬੂ ਕਰਨ ਦੀ ਮੰਗ ਵੀ ਕੀਤੀ।