ਪੱਛਮੀ ਬੰਗਾਲ ਚ’ ਮਹਿਲਾ ਡਾਕਟਰ ਨਾਲ ਵਾਪਰੀ ਘਟਨਾਂ ਦੇ ਰੋਸ ਵਜੋਂ ਪੈਰਾ ਮੈਡੀਕਲ ਅਤੇ ਮੈਡੀਕਲ ਸਟਾਫ ਵਲੋਂ ਰੋਸ ਪ੍ਰਦਰਸ਼ਨ।

ਭਵਾਨੀਗੜ੍ਹ (ਬਲਵਿੰਦਰ ਬਾਲੀ)- ਬੀਤੇ ਦਿਨੀਂ ਪੱਛਮੀ ਬੰਗਾਲ ਦੇ ਇਕ ਮੈਡੀਕਲ ਕਾਲਜ ਵਿੱਚ ਇਕ ਮਹਿਲਾ ਡਾਕਟਰ ਨਾਲ ਜਬਰ-ਜਨਾਹ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦੇਣ ਦੀ ਵਾਪਰੀ ਅਣਮਨੁੱਖੀ ਵਾਰਦਾਤ ਦੇ ਰੋਸ ਵਜੋਂ ਪੀ.ਸੀ.ਐੱਮ.ਐੱ.ਏ. ਸੰਗਰੂਰ ਦੇ ਸੱਦੇ ‘ਤੇ ਸਮੂਹ ਮੈਡੀਕਲ, ਪੈਰਾ ਮੈਡੀਕਲ ਅਤੇ ਬਾਕੀ ਸਟਾਫ਼ ਵੱਲੋਂ ਸੀ.ਐੱਚ.ਸੀ. ਭਵਾਨੀਗੜ੍ਹ ਦੇ ਮੁੱਖ ਗੇਟ ‘ਤੇ ਰੋਸ ਪ੍ਰਦਰਸ਼ਨ ਕੀਤਾ ਅਤੇ 2 ਘੰਟੇ ਸਵੇਰੇ 8 ਤੋਂ 10 ਵਜੇ ਤੱਕ ਓ.ਪੀ.ਡੀ. ਸੇਵਾਵਾਂ ਨੂੰ ਠੱਪ ਰੱਖਿਆ ਗਿਆ। ਪੀ.ਸੀ.ਐੱਮ.ਐੱਸ.ਏ. ਸੰਗਰੂਰ ਦੇ ਮੀਤ ਪ੍ਰਧਾਨ ਡਾ. ਵਿਕਰਮਪਾਲ ਸਿੰਘ ਅਤੇ ਜਥੇਬੰਦੀ ਆਗੂ ਤੇ ਸੀਨੀਅਰ ਮੈਡੀਕਲ ਅਫਸਰ ਡਾ. ਵਿਨੋਦ ਕੁਮਾਰ ਨੇ ਕਿਹਾ ਕਿ ਦੇਸ਼ ਵਿੱਚ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਸਮਾਜ ‘ਤੇ ਕਲੰਕ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਸਟਾਫ ਵੱਲੋਂ ਲੋਕਾਂ ਨੂੰ 24 ਘੰਟੇ ਡਾਕਟਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਪਰ ਅਜਿਹੀਆਂ ਘਟਨਾਵਾਂ ਕਾਰਨ ਉਨ੍ਹਾਂ ਦੇ ਮਨ ਵਿੱਚ ਅਸੁਰੱਖਿਆ ਦਾ ਡਰ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗੈਰ ਸਮਾਜੀ ਤੱਤਾਂ ਖਿਲਾਫ਼ ਮਿਸਾਲੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਸ ਮੌਕੇ ਐੱਲ.ਐੱਚ.ਵੀ. ਅਤੇ ਏ.ਐੱਨ.ਐੱਮ. ਯੂਨੀਅਨ ਦੀ ਸੂਬਾ ਪ੍ਰਧਾਨ ਸੁਸ਼ਮਾ ਅਰੋੜਾ ਅਤੇ ਆਸ਼ਾ ਫੈਸਲੀਟੇਟਰ ਤੇ ਆਸ਼ਾ ਯੂਨੀਅਨ ਦੀ ਕਨਵੀਨਰ ਰਾਣੋ ਖੇੜੀ ਗਿੱਲਾਂ, ਬਲਵਿੰਦਰ ਕੌਰ ਐਲ ਐਚ ਵੀ ਅਤੇ ਏ.ਐੱਨ.ਐੱਮ. ਬਲਾਕ ਪ੍ਰਧਾਨ ਭਵਾਨੀਗੜ੍ਹ ਨੇ ਵੀ ਆਪਣੇ ਸਾਥੀਆਂ ਸਮੇਤ ਇਸ ਰੋਸ਼ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ।