ਭਵਾਨੀਗੜ੍ਹ (ਬਲਵਿੰਦਰ ਬਾਲੀ) ਨੇੜਲੇ ਪਿੰਡ ਬਲਿਆਲ ਵਿਖੇ ਬੀਤੇ ਦਿਨੀਂ ਬਿਜਲੀ ਸਪਲਾਈ ਨੂੰ ਠੀਕ ਕਰਦੇ ਸਮੇਂ ਜਨਰੇਟਰ ਦਾ ਬੈਕ ਕਰੰਟ ਆਉਣ ਕਾਰਨ ਪਾਵਰਕਾਮ ਦੇ ਇਕ ਸਹਾਇਕ ਲਾਈਨ ਮੈਨ ਦੀ ਮੌਤ ਹੋ ਜਾਣ ਦੇ ਰੋਸ ਵਜੋਂ ਅੱਜ ਪਾਵਰਕਾਮ ਦੀਆਂ ਸਮੁੱਚੀਆਂ ਸੰਘਰਸਸ਼ੀਲ ਜਥੇਬੰਦੀਆਂ ਵੱਲੋਂ ਮੌਤ ਦਾ ਸ਼ਿਕਾਰ ਹੋਏ ਸਹਾਇਕ ਲਾਈਨ ਮੈਨ ਕਮਲਜੀਤ ਸਿੰਘ ਨੂੰ ਸ਼ਹੀਦ ਦਾ ਦਰਜਾ ਅਤੇ ਉਸ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਪਹਿਲਾਂ ਪਾਵਰਕਾਮ ਦੇ ਸਥਾਨਕ ਦਫ਼ਤਰ ਅੱਗੇ ਸੂਬਾ ਪੱਧਰੀ ਰੋਸ ਧਰਨਾ ਸ਼ੁਰੂ ਕਰਦਿਆਂ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਜਦੋਂ ਪ੍ਰਸ਼ਾਸਨ ਵੱਲੋਂ ਧਰਨਾਕਾਰੀਆਂ ਦੀ ਕੋਈ ਸੁਣਵਾਈ ਨਾ ਕੀਤੀ ਤਾਂ ਪਾਵਰਕਾਮ ਦੀਆਂ ਸਮੁੱਚੀਆਂ ਜਥੇਬੰਦੀਆਂ ਨੇ ਕਿਸਾਨ ਜਥੇਬੰਦੀ ਬੀ.ਕੇ.ਯੂ ਏਕਤਾ ਉਗਰਾਹਾਂ ਅਤੇ ਹੋਰ ਜਥੇਬੰਦੀਆਂ ਦੇ ਸ਼ਹਿਯੋਗ ਨਾਲ ਅੱਤ ਦੀ ਗਰਮੀ ਦੇ ਬਾਵਜੂਦ ਮ੍ਰਿਤਕ ਦੀ ਲਾਸ਼ ਨੂੰ ਸ਼ਹਿਰ ’ਚੋਂ ਲੰਘਦੀ ਬਠਿੰਡਾ ਜ਼ੀਰਕਪੁਰ ਨੈਸ਼ਨਲ ਹਾਈਵੇਅ ਉਪਰ ਬਲਿਆਲ ਰੋਡ ਕੱਟ ਵਿਚਕਾਰ ਰੱਖ ਕੇ ਹਾਈਵੇ ਉਪਰ ਟ੍ਰੈਫ਼ਿਕ ਜਾਮ ਕਰਕੇ ਆਪਣਾ ਧਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਵੀ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਟੈਕਨੀਕਲ ਸਰਵਿਸ ਯੂਨੀਅਨ ਦੇ ਆਗੂ ਲਖਵਿੰਦਰ ਸਿੰਘ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਫੀਲਡ ’ਚ ਕੰਮ ਕਰਦੇ ਪਾਵਰਕਾਮ ਦੇ ਕਰਮਚਾਰੀ ਵਿਭਾਗ ਦੇ ਮਾੜੇ ਸਿਸਟਮ ਦੀ ਭੇਟ ਚੜ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਪਾਵਰਕਾਮ ਦੇ ਕਰਮਚਾਰੀਆਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਕਈ ਵਾਰ ਮੈਨੇਜਮੈਂਟ ਨੂੰ ਮਨੁੱਖੀ ਕਰੰਟ ਰਹਿਤ ਕਿੱਟਾਂ ਦੇਣ ਲਈ ਲਿਖ਼ਤੀ ਪੱਤਰ ਦੇਣ ਦੇ ਬਾਵਜੂਦ ਵੀ ਇਹ ਕਿੱਟਾਂ ਹੁਣ ਤੱਕ ਮੁਹੱਈਆ ਨਹੀਂ ਕਰਵਾਈਆਂ ਗਈਆਂ। ਇਸ ਦੇ ਚੱਲਦਿਆਂ ਕਰਮਚਾਰੀਆਂ ਨੂੰ ਹਮੇਸ਼ਾ ਮੌਤ ਦੇ ਮੂੰਹ ਵਿਚ ਰਹਿ ਕੇ ਆਪਣੀ ਡਿਊਟੀ ਨਿਭਾਉਣੀ ਪੈਂਦੀ ਹੈ ਅਤੇ ਹੁਣ ਤੱਕ ਪਾਵਰਕਾਮ ’ਚ ਕੰਮ ਕਰਦੇ ਕਈ ਨੌਜਵਾਨ ਡਿਊਟੀ ਦੌਰਾਨ ਕਰੰਟ ਲੱਗਣ ਦੀਆਂ ਘਟਨਾਵਾਂ ’ਚ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ। ਇਸੇ ਤਰ੍ਹਾਂ ਬੀਤੇ ਦਿਨੀਂ ਪਿੰਡ ਬਲਿਆਲ ਵਿਖੇ ਬਿਜਲੀ ਸਪਲਾਈ ’ਚ ਫਾਲਟ ਆਉਣ ’ਤੇ ਕਰੰਟ ਰਹਿਤ ਕਿੱਟ ਨਾ ਹੋਣ ਕਾਰਨ ਹੀ ਲਾਈਨ ’ਚ ਜਰਨੇਟਰ ਦਾ ਬੈਕ ਕਰੰਟ ਆਉਣ ਕਾਰਨ ਸਹਾਇਕ ਲਾਈਨ ਮੈਨ ਕਮਲਜੀਤ ਸਿੰਘ ਦੀ ਮੌਤ ਹੋ ਗਈ। ਜਿਸ ਲਈ ਸਿੱਧੇ ਤੌਰ ’ਤੇ ਪਾਵਰਕਾਮ ਦੀ ਮੈਨੇਜਮੈਂਟ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਰਹੱਦ ਉਪਰ ਡਿਊਟੀ ਦੌਰਾਨ ਇਕ ਫੌਜ ਦੇ ਜਵਾਨ ਦੀ ਮੌਤ ਹੋ ਜਾਣ ‘ਤੇ ਉਸ ਨੂੰ ਸ਼ਹੀਦ ਦਾ ਦਰਜਾ ਅਤੇ ਵੱਧ ਤੋਂ ਵੱਧ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਉਸੇ ਤਰ੍ਹਾਂ ਹੀ ਬਿਜਲੀ ਕਰਮਚਾਰੀ ਦੀ ਡਿਊਟੀ ਉਪਰ ਮੌਤ ਹੋ ਜਾਣ ਤੇ ਬਿਜਲੀ ਕਰਮਚਾਰੀ ਨੂੰ ਵੀ ਸ਼ਹੀਦ ਦਾ ਦਰਜਾ ਤੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮ੍ਰਿਤਕ ਸਹਾਇਕ ਲਾਈਨ ਮੈਨ ਕਮਲਜੀਤ ਸਿੰਘ ਨੂੰ ਸ਼ਹੀਦ ਦਾ ਦਰਜਾ ਤੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਮਾਲੀ ਸਹਾਇਤਾ ਨਹੀਂ ਦਿੱਤੀ ਜਾਂਦੀ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ’ਤੇ ਜੀਵਨ ਸਿੰਘ ਸਰਕਲ ਪ੍ਰਧਾਨ ਫੈਡਰੇਸ਼ਨ ਏਟਕ, ਬਿਕਰਮਜੀਤ ਸਿੰਘ ਆਗੂ ਇੰਪਲਾਈਜ਼ ਯੂਨੀਅਨ ਫਲਜੀਤ ਨਵੀਨ ਕੁਮਾਰ ਐਮ.ਐਸ.ਯੂ, ਦਲਜੀਤ ਸਿੰਘ ਕਥੂਰੀਆ ਇੰਪਲਾਈਜ਼ ਫੈਡਰੇਸ਼ਨ ਭਾਰਦਵਾਜ਼, ਜਸਵਿੰਦਰ ਸਿੰਘ ਜੱਸਾ ਆਈ.ਟੀ.ਆਈ ਇੰਪਲਾਈਜ਼ ਯੂਨੀਅਨ, ਪੂਰਨ ਸਿੰਘ ਖਾਈ ਇੰਪਲਾਈਜ ਯੂਨੀਅਨ ਚਾਹਲ, ਦਰਸ਼ਨ ਸਿੰਘ ਇੰਪਲਾਈਜ਼ ਯੂਨੀਅਨ ਪਹਿਲਵਾਨ, ਹਰਦੀਪ ਸਿੰਘ ਜੂਨੀਅਨ ਇੰਜਨੀਅਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ ਨੇ ਵੀ ਮੌਤ ਦਾ ਸ਼ਿਕਾਰ ਹੋਏ ਸਹਾਇਕ ਲਾਈਨ ਕਮਲਜੀਤ ਸਿੰਘ ਨੂੰ ਸ਼ਹੀਦ ਦਾ ਦਰਜਾ ਅਤੇ ਪਰਿਵਾਰ ਨੂੰ 1 ਕਰੋੜ ਰੁਪਏ ਮੁਆਵਜ਼ਾ ਦੇਣ ਦੀ ਮੰਗ ਕਰਦਿਆਂ ਇਹ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਜਾਂ ਪਾਵਰਕਾਮ ਦੀ ਮੈਨੇਜਮੈਂਟ ਨੇ ਮ੍ਰਿਤਕ ਨੂੰ ਇਨਸਾਫ਼ ਨਾ ਦਿੱਤਾ ਤਾਂ ਜਥੇਬੰਦੀਆਂ ਵੱਲੋਂ ਮੁੱਖ ਸੜਕ ਜਾਮ ਕਰਕੇ ਸ਼ੰਘਰਸ ਸ਼ੁਰੂ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪਿੰਡ ਬਲਿਆਲ ਵਿਖੇ ਵਾਪਰੀ ਬਿਜਲੀ ਕਰਮਚਾਰੀ ਨੂੰ ਕਰੰਟ ਲੱਗਣ ਦੀ ਇਸ ਘਟਨਾ ਸਬੰਧੀ ਪੁਲਸ ਨੇ ਪਾਵਰਕਾਮ ਭਵਾਨੀਗੜ੍ਹ ਦੇ ਐੱਸ.ਡੀ.ਓ ਮਹਿੰਦਰ ਸਿੰਘ ਦੀ ਸ਼ਿਕਾਇਤ ਉਪਰ ਕਰਮਚਾਰੀ ਦੀ ਮੌਤ ਲਈ ਪਿੰਡ ਬਲਿਆਲ ਦੇ ਇਕ ਪਤੀ-ਪਤਨੀ ਨੂੰ ਕਥਿਤ ਤੌਰ ’ਤੇ ਜ਼ਿੰਮੇਵਾਰ ਠਹਿਰਾਉਂਦਿਆਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ.ਡੀ.ਓ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਪਿੰਡ ’ਚ ਬਿਜਲੀ ਸਪਲਾਈ ਠੀਕ ਕਰਨ ਦੌਰਾਨ ਉਕਤ ਪਰਿਵਾਰ ਵੱਲੋਂ ਜਰਨੇਟਰ ਚਲਾਏ ਜਾਣ ਕਾਰਨ ਲਾਈਨ ’ਚ ਬੈਕ ਕਰੰਟ ਆਉਣ ਕਾਰਨ ਇਹ ਘਟਨਾ ਵਾਪਰੀ ਤੇ ਕਰਮਚਾਰੀ ਦੀ ਮੌਤ ਹੋ ਗਈ।