ਜੀਰੀ ਲਾਉਣ ਆਏ ਪ੍ਰਵਾਸੀ ਨਾਲ ਵਰਤਿਆ ਭਾਣਾਂ,ਹਾਦਸੇ ਚ ਹੋਈ ਮੌਤ।

ਭਵਾਨੀਗੜ੍ਹ (ਬਲਵਿੰਦਰ ਬਾਲੀ)  ਪਿੰਡ ਕਾਕੜਾ ਤੋਂ ਪੰਨਵਾ ਨੂੰ ਜਾਂਦੀ ਸੜਕ ‘ਤੇ ਮੋਟਰਸਾਈਕਲ ਸਵਾਰ ਵੱਲੋਂ ਇਕ ਪਰਵਾਸੀ ਨੂੰ ਟੱਕਰ ਮਾਰ ਦੇਣ ਕਾਰਨ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਨਾਥ ਮਹਤੋ ਪੁੱਤਰ ਰਾਮ ਚੇਲਾ ਮਹਤੋ ਵਾਸੀ ਬਿਹਾਰ ਹਾਲ ਅਬਾਦ ਪਿੰਡ ਕਾਕੜਾ ਨੇ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਭਰਾ ਵਿਸ਼ਵਨਾਥ ਮਹਤੋ 20 ਦਿਨ ਪਹਿਲਾਂ ਪਿੰਡ ਦੇ ਹੋਰ ਵਿਅਕਤੀਆਂ ਨਾਲ ਝੋਨਾ ਲਗਾਉਣ ਲਈ ਇੱਥੇ ਆਇਆ ਸੀ। ਬੀਤੀ 6 ਜੁਲਾਈ ਨੂੰ ਉਹ ਪਿੰਡ ਕਾਕੜਾ ਦੇ ਇਕ ਕਿਸਾਨ ਦੇ ਖੇਤ ’ਚੋਂ ਝੋਨਾ ਲਗਾਉਣ ਦੇ ਕੰਮ ਤੋਂ ਵਿਹਲਾ ਹੋ ਕੇ ਸ਼ਾਮ ਨੂੰ ਉਸ ਦੇ ਘਰ ਆਇਆ ਸੀ। ਜਦੋਂ ਉਹ ਰਾਤ ਦੇ ਕਰੀਬ ਸਵਾ 8 ਵਜੇ ਆਪਣੇ ਭਰਾ ਨੂੰ ਛੱਡਣ ਲਈ ਪਿੰਡ ਕਾਕੜਾ ਤੋਂ ਪਿੰਡ ਪੰਨਵਾ ਵੱਲ ਨੂੰ ਜਾ ਰਿਹਾ ਸੀ ਤਾਂ ਰਸਤੇ ’ਚ ਪਿੰਡ ਕਾਕੜਾ ਸਾਈਡ ਤੋਂ ਆਏ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਚਾਲਕ ਨੇ ਉਸ ਦੇ ਭਰਾ ਵਿਸ਼ਵਨਾਥ ਨੂੰ ਪਿਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਮੋਟਰਸਾਈਕਲ ਚਾਲਕ ਹਨ੍ਹੇਰੇ ਦਾ ਫ਼ਾਇਦਾ ਚੁੱਕਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਿਆ। ਜਗਰਨਾਥ ਨੇ ਦੱਸਿਆ ਕਿ ਇਸ ਹਾਦਸੇ ਉਸ ਦੇ ਭਰਾ ਵਿਸ਼ਵਨਾਥ ਦੇ ਸਿਰ ’ਚ ਸੱਟ ਲੱਗਣ ਕਾਰਨ ਉਹ ਬੇਸੁਰਤ ਹੋ ਕੇ ਸੜਕ ਉਪਰ ਡਿੱਗ ਪਿਆ। ਜਦੋਂ ਉਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਖੇ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਪੁਲਸ ਨੇ ਜਗਰਨਾਥ ਦੇ ਬਿਆਨਾ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।