ਵਿਆਹੁਤਾ ਨੂੰ ਵਿਆਹ ਕਰਵਾਉਣ ਤੇ ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੀਤਾ ਗੈਂਗਰੇਪ,ਮਾਮਲਾ ਦਰਜ

ਭਵਾਨੀਗੜ੍ਹ (ਬਲਵਿੰਦਰ ਬਾਲੀ) – ਵਿਆਹੁਤਾ ਨਾਲ ਗੈਂਗਰੇਪ ਕਰਨ, ਉਸ ਦੀ ਅਸ਼ਲੀਲ ਵੀਡੀਓ ਬਣਾਉਣ ਤੇ ਉਸਦੀ ਕੁੱਟ-ਮਾਰ ਕਰਨ ਦੇ ਲਾਏ ਦੋਸ਼ਾਂ ਤਹਿਤ ਪੁਲਸ ਵੱਲੋਂ ਉਕਤ ਵਿਅਕਤੀ ਸਮੇਤ ਉਸਦੇ ਤਿੰਨ ਤੋਂ ਵੱਧ ਦੋਸਤਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਵਿਆਹੁਤਾ ਨੇ ਦੱਸਿਆ ਕਿ ਉਸਦੇ ਗੁਆਂਢ ’ਚ ਰਹਿੰਦੇ ਇਕ ਵਿਆਹੇ ਵਿਅਕਤੀ ਲਾਡੀ ਨੇ ਉਸ ਨੂੰ ਮਲੇਸ਼ੀਆ ਲੈ ਜਾਣ ਅਤੇ ਉਸ ਨਾਲ ਵਿਆਹ ਕਰਵਾਉਣ ਦਾ ਕਥਿਤ ਝਾਂਸਾ ਦਿੱਤਾ। ਉਹ ਉਸਦੀਆਂ ਗੱਲਾਂ ’ਚ ਆ ਕੇ ਆਪਣੇ ਘਰੋਂ 25 ਤੋਲੇ ਚਾਂਦੀ, 2 ਤੋਲੇ ਸੋਨਾ ਅਤੇ 2 ਲੱਖ ਰੁਪਏ ਦੀ ਨਕਦੀ ਲੈ ਕੇ ਉਕਤ ਵਿਅਕਤੀ ਨੂੰ ਮਿਲਣ ਲਈ ਬੱਸ ਅੱਡੇ ’ਤੇ ਚਲੀ ਗਈ। ਜਿਥੋਂ ਲਾਡੀ ਅਤੇ ਉਸਦੇ ਦੋਸਤ ਦੀਪਕ, ਸ਼ੋਕੀ, ਭਗਤੂ ਅਤੇ ਕੁਝ ਹੋਰ ਜਿਨ੍ਹਾਂ ਦੇ ਉਹ ਨਾਂ ਨਹੀਂ ਜਾਣਦੀ ਉਸ ਨੂੰ ਕਿਸੇ ਅਣਪਛਾਤੀ ਜਗ੍ਹਾ ’ਤੇ ਲੈ ਗਏ ਅਤੇ ਉਥੇ ਇਕ ਕਮਰੇ ’ਚ ਉਸਦੇ ਹੱਥ ਪੈਰ ਬੰਨ੍ਹ ਕੇ ਉਸ ਨੂੰ ਕੈਦ ਕਰ ਕੇ ਰੱਖ ਲਿਆ। ਇਸ ਦੌਰਾਨ ਲਾਡੀ ਨੇ ਮੇਰੇ ਨਾਲ ਜਬਰ-ਜ਼ਨਾਹ ਕੀਤਾ ਅਤੇ ਫਿਰ ਉਸਦੇ ਸਾਰੇ ਦੋਸਤਾਂ ਨੇ ਕੋਲਡ ਡਰਿੰਕ ’ਚ ਕੋਈ ਨਸ਼ੇ ਵਾਲੀ ਚੀਜ਼ ਮਿਲਾ ਕੇ ਪਿਲਾ ਕੇ ਉਸ ਨਾਲ ਗੈਂਗਰੇਪ ਕੀਤਾ। ਔਰਤ ਨੇ ਦੋਸ਼ ਲਾਇਆ ਕਿ ਲਾਡੀ ਆਪਣੇ ਦੋਸ਼ਤਾਂ ਨਾਲ ਮਿਲ ਕੇ ਰੇਪ ਕਰਦੇ ਸਮੇਂ ਉਸ ਦੀਆਂ ਅਸ਼ਲੀਲ ਵੀਡੀਓ ਬਣਾਉਂਦਾ ਸੀ ਅਤੇ ਉਸਦੀ ਕੁੱਟ-ਮਾਰ ਕਰ ਕੇ ਵਾਰ-ਵਾਰ ਉਸ ਨਾਲ ਜਬਰ-ਜ਼ਨਾਹ ਕਰਦਾ ਸੀ। ਉਸਨੇ ਦੱਸਿਆ ਕਿ ਇਸ ਸਾਰੇ ਘਟਨਾਕ੍ਰਮ ਦੀ ਜਾਣਕਾਰੀ ਉਸ ਦੇ ਭਰਾ ਨੂੰ ਲੱਗਣ ’ਤੇ ਉਸ ਦੇ ਭਰਾ ਨੇ ਉਸ ਨੂੰ ਉਕਤ ਵਿਅਕਤੀ ਤੋਂ ਬਚਾਇਆ ਅਤੇ ਉਸ ਨੂੰ ਆਪਣੇ ਨਾਲ ਉਸ ਦੇ ਘਰ ਲੈ ਗਿਆ। ਹੁਣ ਉਹ ਡਰਦੀ ਆਪਣੇ ਪਤੀ ਨਾਲ ਆਪਣੇ ਪੇਕੇ ਘਰ ਹੀ ਰਹਿ ਰਹੀ ਹੈ ਪਰ ਉਸ ਨਾਲ ਗੈਂਗਰੇਪ ਕਰਨ ਵਾਲੇ ਉਕਤ ਵਿਅਕਤੀ ਲਾਡੀ ਨੇ ਉਸ ਤੋਂ ਬਾਅਦ ਵੀ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਲਾਡੀ ਨੇ ਕਥਿਤ ਤੌਰ ’ਤੇ ਉਸ ਦੇ ਪੇਕੇ ਅਤੇ ਸੁਹਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਫਿਰ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਦੇ ਸੁਹਰੇ ਪਰਿਵਾਰ ’ਤੇ ਹਮਲਾ ਕਰ ਦਿੱਤਾ।