ਦੋ ਕਿੱਲੋ ਗਾਂਜੇ ਸਮੇਤ ਦੋ ਪ੍ਰਵਾਸੀ ਕਾਬੂ, ਅਨਾਜ ਮੰਡੀ ਵਿੱਚ ਵੇਚਦੇ ਸੀ ਸੁਲਫਾ।

ਭਵਾਨੀਗੜ੍ਹ (ਬਲਵਿੰਦਰ ਬਾਲੀ)  ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਭਵਾਨੀਗੜ੍ਹ ਪੁਲਸ ਨੇ 2 ਕਿੱਲੋ ਗਾਂਜਾ ਬਰਾਮਦ ਕਰਕੇ ਦੋ ਪ੍ਰਵਾਸੀਆਂ ਨੂੰ ਕਾਬੂ ਕੀਤਾ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੁਲਸ ਚੌਕੀ ਘਰਾਚੋਂ ਦੇ ਇੰਚਾਰਜ ਐੱਸ.ਆਈ. ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਪੁਲਸ ਪਾਰਟੀ ਗਸ਼ਤ ਕਰਦਿਆਂ ਟਰੱਕ ਯੂਨੀਅਨ ਭਵਾਨੀਗੜ੍ਹ ਨੇੜੇ ਮੌਜੂਦ ਸੀ ਤਾਂ ਗੁਪਤ ਸੂਚਨਾ ਮਿਲੀ ਕਿ ਧਰਮਿੰਦਰ ਯਾਦਵ ਵਾਸੀ ਭਵਾਨੀਪੁਰ (ਬਿਹਾਰ) ਹਾਲ ਅਬਾਦ ਸਬਜ਼ੀ ਮੰਡੀ ਭਵਾਨੀਗੜ੍ਹ ਤੇ ਰਾਜ ਕੁਮਾਰ ਯਾਦਵ ਵਾਸੀ ਪਿੰਡ ਸਿਰੀਪੁਰ, ਮੋਤੀਹਾਰੀ (ਬਿਹਾਰ) ਹਾਲ ਅਬਾਦ ਸਬਜ਼ੀ ਮੰਡੀ ਭਵਾਨੀਗੜ੍ਹ ਕਥਿਤ ਤੌਰ ’ਤੇ ਭਵਾਨੀਗੜ੍ਹ ਸ਼ਹਿਰ ਤੇ ਅਨਾਜ ਮੰਡੀ ’ਚ ਪੈਦਲ ਤੁਰ ਫਿਰ ਕੇ ਗਾਹਕਾਂ ਨੂੰ ਸੁਲਫਾ ਵੇਚਦੇ ਹਨ। ਜੇਕਰ ਯੋਜਨਾਬੱਧ ਤਰੀਕੇ ਨਾਲ ਨਾਕਾਬੰਦੀ ਕੀਤੀ ਜਾਵੇ ਤਾਂ ਉਕਤ ਵਿਅਕਤੀ ਨਸ਼ੀਲੇ ਪਦਾਰਥ ਸਮੇਤ ਕਾਬੂ ਆ ਸਕਦਾ ਹੈ। ਪੁਲਸ ਨੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਛਾਪੇਮਾਰੀ ਦੌਰਾਨ ਉਕਤ ਧਰਮਿੰਦਰ ਯਾਦਵ ਤੇ ਰਾਜਕੁਮਾਰ ਯਾਦਵ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ‘ਚੋਂ 2 ਕਿਲੋ ਗਾਂਜਾ/ਭੰਗ ਬਰਾਮਦ ਕੀਤਾ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।