ਸੰਗਰੂਰ ( ਬਲਵਿੰਦਰ ਬਾਲੀ ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਚੋਣ ਪ੍ਰਚਾਰ ਲਈ ਸੰਗਰੂਰ ਪਹੁੰਚੇ ਹੋਏ ਹਨ। ਇਸ ਦੌਰਾਨ ਉਨ੍ਹਾਂ ਧੂਰੀ ਵਿਖੇ ਲੋਕ ਮਿਲਣੀ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ‘ਚ ਉਨ੍ਹਾਂ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਪ੍ਰਤੀ ਮਹੀਨੇ ਦੇਣ ਦੇ ਵਾਅਦੇ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਇਸ ‘ਤੇ ਕੰਮ ਕਰ ਰਹੇ ਹਨ ਤੇ ਛੇਤੀ ਹੀ ਆਪਣਾ ਵਾਅਦਾ ਪੂਰਾ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖੇਤਾਂ ਵਿਚ ਨਹਿਰੀ ਪਾਣੀ ਪਹੁੰਚਾਇਆ ਜਾ ਰਿਹਾ ਹੈ। ਇਸ ਨਾਲ ਟਿਊਬਵੈੱਲ ਬੰਦ ਕਰ ਕੇ ਧਰਤੀ ਹੇਠਲਾ ਪਾਣੀ ਬਚਾਉਣ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਅਸੀਂ 70 ਫ਼ੀਸਦੀ ਨਹਿਰੀ ਪਾਣੀ ਖੇਤਾਂ ਤਕ ਪਹੁੰਚਾਉਣ ਦਾ ਟੀਚਾ ਮਿੱਥਿਆ ਹੋਇਆ ਹੈ। ਅਜਿਹਾ ਹੋਣ ‘ਤੇ ਪੰਜਾਬ ਵਿਚ ਸਾਢੇ 14 ਲੱਖ ਟਿਊਬਵੈੱਲਾਂ ਵਿਚੋਂ ਤਕਰੀਬਨ 5 ਲੱਖ ਟਿਊਬਵੈੱਲ ਬੰਦ ਹੋ ਜਾਣਗੇ। ਸਰਕਾਰ ਕਿਸਾਨਾਂ ਨੂੰ ਝੋਨੇ ਦੇ ਬਿਜਲੀ ਦੀ ਸਬਸਿਡੀ ਲਈ 18 ਹਜ਼ਾਰ ਕਰੋੜ ਰੁਪਏ ਦੀ ਦਿੰਦੀ ਹੈ। ਜੇ 5 ਲੱਖ ਟਿਊਬਵੈੱਲ ਬੰਦ ਹੋ ਗਿਆ ਤਾਂ ਇਸ ਵਿਚੋਂ 6-7 ਹਜ਼ਾਰ ਕਰੋੜ ਰੁਪਏ ਬੱਚ ਜਾਣਗੇ। ਇਸ ਵਿਚੋਂ ਹੁਣ ਮਾਵਾਂ ਭੈਣਾਂ ਨੂੰ ਜਿਹੜਾ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਉਹ ਪੂਰਾ ਕੀਤਾ ਜਾਵੇਗਾ ਤੇ ਹੁਣ ਹਜ਼ਾਰ ਰੁਪਏ ਦੀ ਬਜਾਏ 1100 ਰੁਪਏ ਦੇਵਾਂਗੇ। CM ਮਾਨ ਨੇ ਕਿਹਾ ਕਿ ਜੇ ਇਕ ਵਾਰ ਪੈਸਾ ਖਾਤੇ ਵਿਚ ਆਉਣਾ ਸ਼ੁਰੂ ਹੋ ਗਿਆ ਤਾਂ ਕਦੇ ਬੰਦ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਅਸੀਂ ਬੱਲੇ-ਬੱਲੇ ਹੀ ਕਰਵਾਉਣੀ ਹੁੰਦੀ ਤਾਂ ਚੋਣਾਂ ਤੋਂ 2 ਮਹੀਨੇ ਪਹਿਲਾਂ ਇਹ ਸਕੀਮ ਸ਼ੁਰੂ ਕਰ ਸਕਦੇ ਸੀ ਤੇ ਚੋਣਾਂ ਤੋਂ ਬਾਅਦ ਬੰਦ ਕਰ ਦਿੰਦੇ, ਜਿਵੇਂ ਪਹਿਲੀਆਂ ਸਰਕਾਰਾਂ ਕਰਦੀਆਂ ਰਹੀਆਂ ਹਨ। ਪਰ ਜੇ ਅਸੀਂ ਇਕ ਵਾਰ ਇਹ ਸਕੀਮ ਸ਼ੁਰੂ ਕਰਾਂਗੇ ਤਾਂ ਬੰਦ ਨਹੀਂ ਹੋਵੇਗੀ।