ਵਿਅਕਤੀ ਨੂੰ ਲੁਧਿਆਣੇਂ ਤੋਂ ਭਵਾਨੀਗੜ੍ਹ ਖਿੱਚ ਲਿਆਈ ਮੌਤ,ਸੜਕ ਹਾਦਸੇ ਚ ਗਈ ਜਾਨ।

ਭਵਾਨੀਗੜ੍ਹ (ਬਲਵਿੰਦਰ ਬਾਲੀ)  ਰੋਜ਼ਗਾਰ ਦੀ ਭਾਲ ਦੇ ਬਹਾਨੇ ਇੱਕ ਵਿਅਕਤੀ ਨੂੰ ਉਸਦੀ ਮੌਤ ਲੁਧਿਆਣਾ ਤੋਂ ਭਵਾਨੀਗੜ੍ਹ ਖਿੱਚ ਲੈ ਆਈ। ਇੱਥੇ ਪਟਿਆਲਾ ਰੋਡ ’ਤੇ ਨੈਸ਼ਨਲ ਹਾਈਵੇ ਉੱਪਰ ਪੈਦਲ ਜਾਂਦੇ ਸਮੇਂ ਕਿਸੇ ਅਣਪਛਾਤੇ ਵਾਹਨ ਨੇ ਵਿਅਕਤੀ ਨੂੰ ਫੇਟ ਮਾਰ ਦਿੱਤੀ। ਹਾਦਸੇ ‘ਚ ਗੰਭੀਰ ਜਖ਼ਮੀ ਹੋਏ ਵਿਅਕਤੀ ਦੀ ਹਸਪਤਾਲ ਪਹੁੰਚ ਤੋਂ ਪਹਿਲਾਂ ਹੀ ਮੌਤ ਹੋ ਗਈ। ਘਟਨਾ ਸਬੰਧੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਅਕਸ਼ੈ ਕੁਮਾਰ ਵਾਸੀ ਅੰਮ੍ਰਿਤਸਰ ਹਾਲ ਅਬਾਦ ਭਵਾਨੀਗੜ੍ਹ ਨੇ ਪੁਲਸ ਨੂੰ ਸ਼ਿਕਾਇਤ ’ਚ ਦੱਸਿਆ ਕਿ ਉਹ ਢਾਬਿਆਂ ’ਤੇ ਨੌਕਰੀ ਕਰਦਾ ਹੈ ਅਤੇ ਲੰਘੀ 13 ਮਈ ਨੂੰ ਜਦੋਂ ਉਹ ਲੁਧਿਆਣਾ ਗਿਆ ਸੀ ਤਾਂ ਰੇਲਵੇ ਸਟੇਸ਼ਨ ਉਸਨੂੰ ਜੌਨੀ ਨਾਮ ਦਾ ਇਕ ਵਿਅਕਤੀ ਮਿਲਿਆ, ਜਿਸਨੇ ਦੱਸਿਆ ਕਿ ਉਸਦੇ ਪਰਿਵਾਰ ’ਚ ਕੋਈ ਨਹੀਂ ਹੈ ਅਤੇ ਉਹ ਇਸੇ ਤਰ੍ਹਾਂ ਚਲ ਫਿਰ ਕੇ ਕੰਮ ਕਰਦਾ ਹੈ। ਅਕਸ਼ੈ ਮੁਤਾਬਕ ਉਹ ਤਰਸ ਖਾ ਕੇ ਉਕਤ ਵਿਅਕਤੀ ਨੂੰ ਆਪਣੇ ਨਾਲ ਲੈ ਆਇਆ ਅਤੇ ਕਿਹਾ ਕਿ ਅਸੀਂ ਦੋਵੇਂ ਭਵਾਨੀਗੜ੍ਹ ਇਲਾਕੇ ’ਚ ਕਿਸੇ ਢਾਬੇ ’ਤੇ ਕੰਮ ਕਰ ਲਵਾਂਗੇ। ਸ਼ਿਕਾਇਤ ’ਚ ਅਕਸ਼ੈ ਨੇ ਅੱਗੇ ਦੱਸਿਆ ਕਿ ਬੀਤੀ 14 ਮਈ ਨੂੰ ਉਹ ਅਤੇ ਉਕਤ ਜੌਨੀ ਕੰਮ ਸਬੰਧੀ ਪਤਾ ਕਰਨ ਲਈ ਜਦੋਂ ਭਵਾਨੀਗੜ੍ਹ ਵਿਖੇ ਪਟਿਆਲਾ ਰੋਡ ’ਤੇ ਪੈਦਲ ਜਾ ਰਹੇ ਸੀ ਤਾਂ ਹਨੀ ਢਾਬੇ ਤੋਂ ਅੱਗੇ ਹਾਈਵੇਅ ’ਤੇ ਪਟਿਆਲਾ ਸਾਈਡ ਤੋਂ ਆਉਂਦੇ ਇਕ ਵਾਹਨ ਨੇ ਬੜੀ ਲਾਪਰਵਾਹੀ ਅਤੇ ਅਣਗਹਿਲੀ ਨਾਲ ਜੌਨੀ ਨੂੰ ਸਿੱਧੀ ਟੱਕਰ ਮਾਰ ਦਿੱਤੀ ਅਤੇ ਘਟਨਾ ਮਗਰੋਂ ਵਾਹਨ ਦਾ ਵਾਲਕ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸੇ ਦੌਰਾਨ ਜੌਨੀ ਦਾ ਸਿਰ ਸੜਕ ਨਾਲ ਜਾ ਟਕਰਾਇਆ ਅਤੇ ਉਸ ਦੀਆਂ ਲੱਤਾਂ ਵੀ ਟੁੱਟ ਗਈਆ, ਜਿਸਨੂੰ ਇਲਾਜ ਲਈ ਸੰਗਰੂਰ ਹਸਪਤਾਲ ਲਿਆਂਦਾ ਜਾ ਰਿਹਾ ਸੀ ਤਾਂ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਜੌਨੀ ਨੇ ਰਸਤੇ ’ਚ ਹੀ ਦਮ ਤੋੜ ਦਿੱਤਾ। ਪੁਲਸ ਨੇ ਮਾਮਲੇ ਸਬੰਧੀ ਅਕਸ਼ੈ ਦੇ ਬਿਆਨਾਂ ’ਤੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਕਰਕੇ ਉਸਦੀ ਭਾਲ ਆਰੰਭ ਦਿੱਤੀ ਹੈ।

error: Content is protected !!