ਖਨੌਰੀ / ਸੰਗਰੂਰ/ ( ਬਲਵਿੰਦਰ ਬਾਲੀ) – ਕਿਸਾਨੀ ਮੰਗਾਂ ਸਬੰਧੀ ਕਿਸਾਨ ਅੰਦੋਲਨ 2 ਤਹਿਤ ਸਰਕਾਰ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਤਹਿਤ ਖਨੌਰੀ ਬਾਰਡਰ ’ਤੇ ਪਿਛਲੇ ਦਿਨੀਂ ਵਾਪਰੀ ਅਣਸੁਖਾਵੀਂ ਘਟਨਾ ’ਚ ਇਕ ਨੌਜਵਾਨ ਕਿਸਾਨ ਦੀ ਮੌਤ ਅਤੇ ਦਰਜਨਾਂ ਦੇ ਜ਼ਖਮੀ ਹੋਣ ਅਤੇ ਸੰਘਰਸ਼ ਨੂੰ ਲੀਡ ਕਰ ਰਹੀਆਂ ਜਥੇਬੰਦੀਆਂ ਵੱਲੋਂ ਕਿਸਾਨ ਆਗੂ ਡੱਲੇਵਾਲ ਅਤੇ ਪੰਧੇਰ ਦੀ ਅਗਵਾਈ ’ਚ ਖਨੌਰੀ ਬਾਰਡਰ ’ਤੇ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਡੱਲੇਵਾਲ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਕਿਸਾਨੀ ਅੰਦੋਲਨ ਦੀ ਜਿੱਤ ਹੋਵੇਗੀ, ਕਿਸਾਨੀ ਅੰਦੋਲਨ ਦੀ ਗੂੰਜ ਵਿਦੇਸ਼ਾਂ ਦੀ ਪਾਰਲੀਮੈਂਟ ’ਚ ਗੂੰਜ ਰਹੀ ਹੈ ਪਰ ਜ਼ਰੂਰਤ ਹੈ ਕਿ ਨੌਜਵਾਨ ਜੋਸ਼ ਦੇ ਨਾਲ ਹੋਸ਼ ’ਚ ਰਹਿਣ ਅਤੇ ਆਗੂਆਂ ਵੱਲੋਂ ਖਿੱਚੀ ਗਈ ਲਕਸ਼ਮਣ ਰੇਖਾ ਨੂੰ ਪਾਰ ਨਾ ਕਰਨ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੇ ਸ਼ਹੀਦ ਮ੍ਰਿਤਕ ਕਿਸਾਨ ਸ਼ੁੱਭਕਰਨ ਦੀ ਮੌਤ ਦੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਪਰਚਾ ਦਰਜ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਸਕਾਰ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਕਿਸਾਨਾਂ ਨਾਲ ਚਾਲਾਂ ਚੱਲ ਰਹੀ ਹੈ, ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ’ਤੇ ਕੀਤੇ ਗਏ ਤਸ਼ੱਦਦ ਦਾ ਭੁਗਤਾਨ ਭਾਜਪਾ ਨੂੰ ਕਰਨਾ ਪਵੇਗਾ। ਮੌਕੇ ’ਤੇ ਦੇਖਿਆ ਗਿਆ ਕਿ ਕਿਸਾਨਾਂ ਵੱਲੋਂ ਖਨੌਰੀ ਬਾਰਡਰ ’ਤੇ ਕੇਂਦਰ ਅਤੇ ਹਰਿਆਣਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਦੂਜੇ ਪਾਸੇ ਮੌਕੇ ’ਤੇ ਨਹਿੰਗ ਸਿੰਘ ਵੀ ਆਪਣੇ ਤੀਰ ਕਮਾਨ ਅਤੇ ਫੌਜ ਲੈ ਕੇ ਮੌਜੂਦ ਸਨ, ਕੁਝ ਨੌਜਵਾਨ ਨਿਰਾਸ਼ਾ ਦੇ ਆਲਮ ’ਚ ਖਨੌਰੀ ਬਾਰਡਰ ’ਤੇ ਜ਼ਮੀਨ ’ਤੇ ਬੈਠ ਕੇ ਖਾਣਾ ਖਾਂਦੇ ਵੀ ਦਿਖਾਈ ਦਿੱਤੇ। ਦੇਖਿਆ ਗਿਆ ਕਿ ਖਨੌਰੀ ਬਾਰਡਰ ’ਤੇ ਸਮੁੱਚੇ ਕਿਸਾਨ ਭਾਈਚਾਰੇ ’ਚ ਮ੍ਰਿਤਕ ਨੌਜਵਾਨ ਦੇ ਗ਼ਮ ਦਾ ਅਸਰ ਦਿਖਾਈ ਦੇ ਰਿਹਾ ਸੀ
ਬੇਸ਼ੱਕ ਡੱਲੇਵਾਲ ਅਤੇ ਪੰਧੇਰ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨਾਂ ’ਚ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨਾਂ ’ਚ ਕਿਤੇ ਨਾ ਕਿਤੇ ਜਥੇਬੰਦੀ ਦੀ ਲੀਡਰਸ਼ਿਪ ’ਚ ਵੀ ਰੋਸ ਦਿਖਾਈ ਦਿੱਤਾ। ਉਨ੍ਹਾਂ ਕਿਹਾ ਕਿ ਮੌਕੇ ’ਤੇ ਆਗੂ ਨਾ ਹੋਣ ਦੇ ਕਾਰਨ ਅਣਸੁਖਾਵੀਂ ਘਟਨਾ ਵਾਪਰੀ ਹੈ। ਦੂਜੇ ਪਾਸੇ ਹਰਿਆਣਾ ਬਾਰਡਰ ’ਤੇ ਵੀ ਸੁਰੱਖਿਆ ਫੋਰਸਾਂ ਦਾ ਜਮਾਵੜਾ ਨਹੀਂ ਸੀ। ਜਿਸ ਦੇ ਚਲਦੇ ਮੌਕੇ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਖਿੱਚੋਤਾਣ ਦਿਖਾਈ ਨਹੀਂ ਦਿੱਤੀ ਪਰ ਆਉਣ ਵਾਲੇ ਕੁਝ ਦਿਨ ਸੰਵੇਦਨਸ਼ੀਲ ਹਨ, ਦੇਖਣਾ ਇਹ ਹੋਵੇਗਾ ਕਿ ਮੰਗਾਂ ਨੂੰ ਲੈ ਕੇ ਸਰਕਾਰ ਅਤੇ ਜਥੇਬੰਦੀਆਂ ’ਚ ਕੋਈ ਸਹਿਮਤੀ ਬਣਦੀ ਹੈ ਜਾਂ ਫਿਰ ਅੰਦੋਲਨ ਉਗਰ ਰੂਪ ਧਾਰਨ ਕਰਦਾ ਹੈ।