ਕਾਲਾਝਾੜ ਟੋਲ ਪਲਾਜ਼ਾ ਤੇ ਧਰਨੇ ਦੌਰਾਨ ਕਿਸਾਨ ਨੂੰ ਆਇਆ ਹਾਰਟ ਅਟੈਕ,ਹਾਲਤ ਗੰਭੀਰ।

ਭਵਾਨੀਗੜ੍ਹ (ਬਲਵਿੰਦਰ ਬਾਲੀ)  – ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ ਅਨੁਸਾਰ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਉੱਪਰ ਸਥਿਤ ਕਾਲਾਝਾੜ ਟੋਲ ਪਲਾਜ਼ਾ ’ਤੇ ਪੱਕਾ ਮੋਰਚਾ ਜ਼ਿਲਾ ਪ੍ਰਧਾਨ ਅਮਰੀਕ ਸਿੰਘ ਗੰਢੂਆ ਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਅੱਜ 5ਵੇਂ ਦਿਨ ਵੀ ਧਰਨਾ ਜਾਰੀ ਹੈ। ਇਸ ਧਰਨੇ ਵਿਚ ਸ਼ਾਮਲ ਨੇੜਲੇ ਪਿੰਡ ਰਾਜਪੁਰਾ ਦੇ ਕਿਸਾਨ ਸ਼ਿੰਗਾਰਾ ਸਿੰਘ (55) ਨੂੰ ਬੀਤੇ ਕੱਲ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਣ ਉਨ੍ਹਾਂ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਿਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਪੱਧਰੀ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਤੇ ਬਲਾਕ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਕੇਂਦਰ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਦੀ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਆਪਣੇ ਹੱਕਾਂ ਲਈ ਹਰਿਆਣਾ ਦੇ ਬਾਰਡਰ ‘ਤੇ ਬੈਠੇ ਕਿਸਾਨਾਂ ਉੱਤੇ ਸਰਕਾਰ ਗੋਲੀਆਂ ਚਲਾ ਰਹੀ ਹੈ। ਉਨ੍ਹਾਂ ਤਾੜਨਾ ਕੀਤੀ ਕਿ ਜੇਕਰ ਕੇਂਦਰ ਸਰਕਾਰ ਦੀ ਸ਼ਹਿ ਤੇ ਹਰਿਆਣਾ ਦੀ ਖੱਟਰ ਸਰਕਾਰ ਨੇ ਕਿਸਾਨਾਂ ਉੱਪਰ ਹਮਲਾ ਤੇ ਜਬਰ ਕਰਨਾ ਬੰਦ ਨਾ ਕੀਤਾ ਤਾਂ ਜਥੇਬੰਦੀ ਵੱਲੋਂ ਸਖਤ ਐਕਸ਼ਨ ਉਲੀਕੇ ਜਾਣਗੇ। ਆਗੂਆਂ ਨੇ ਦੱਸਿਆ ਕਿ ਜਥੇਬੰਦੀ ਦੇ ਫੈਸਲੇ ਅਨੁਸਾਰ ਸੂਬੇ ਦੇ ਟੋਲ ਪਲਾਜੇ 22 ਫਰਵਰੀ ਤੱਕ ਪਰਚੀ ਮੁਤਕ ਨੂੰ ਰੱਖੇ ਜਾਣਗੇ। ਯੂਨੀਅਨ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਨੇ ਦੱਸਿਆ ਕਿ ਮੋਰਚੇ ਵਿੱਚ ਸ਼ਾਮਲ ਨੇੜਲੇ ਪਿੰਡ ਰਾਜਪੁਰਾ ਦੇ ਕਿਸਾਨ ਸ਼ਿੰਗਾਰਾ ਸਿੰਘ (55) ਨੂੰ ਬੀਤੇ ਕੱਲ ਦਿਲ ਦਾ ਦੌਰਾ ਪੈਣ ਕਾਰਣ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਰਿਵਾਰ ਵੱਲੋਂ ਜਿਸ ਦੀ ਹਾਲਤ ਨਾਜ਼ਕ ਦੱਸੀ ਜਾ ਰਹੀ ਹੈ। ਇਸ ਮੌਕੇ ਜ਼ਿਲਾ ਆਗੂ ਗੋਬਿਦਰ ਸਿੰਘ ਮੰਗਵਾਲ, ਰਣਜੀਤ ਸਿੰਘ ਲੌਂਗੋਵਾਲ, ਜਸਵੰਤ ਸਿੰਘ ਤੋਲਾਵਾਲ, ਚਰਨਜੀਤ ਸਿੰਘ ਘਨੌੜ, ਨੈਬ ਸਿੰਘ ਗੁੱਜਰਾਂ, ਕਰਮਜੀਤ ਸਿੰਘ ਭਲਵਾਨ, ਬਲਬੰਤ ਸਿੰਘ ਘਨੌਰੀ, ਸੁਖਪਾਲ ਸਿੰਘ ਕਣਕਵਾਲ, ਹਰਜੀਤ ਸਿੰਘ ਮਹਿਲਾਂ ਚੌਂਕ, ਜਸਵੀਰ ਸਿੰਘ ਗੱਗੜਪੁਰ, ਪ੍ਰੀਤਮ ਸਿੰਘ ਲੇਹਲ ਕਲਾਂ, ਜਸਬੀਰ ਕੌਰ ਉਗਰਾਹਾਂ ਤੇ ਰਣਦੀਪ ਕੌਰ ਰਟੋਲਾਂ ਨੇ ਵੀ ਵਿਚਾਰ ਸਾਂਝੇ ਕੀਤੇ।