ਭਵਾਨੀਗੜ੍ਹ (ਬਲਵਿੰਦਰ ਬਾਲੀ) ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨਾਂ ਵੱਲੋਂ ਅੱਜ ‘ਭਾਰਤ ਬੰਦ ਅਤੇ ਸਨਅਤੀ ਹੜਤਾਲ ਦੇ ਦਿੱਤੇ ਸੱਦੇ ਤਹਿਤ ਸਥਾਨਕ ਇਲਾਕੇ ਦੀਆਂ ਵੱਡੀ ਗਿਣਤੀ ’ਚ ਕਿਸਾਨ ਤੇ ਟਰੇਡ ਜਥੇਬੰਦੀਆਂ ਵੱਲੋਂ ਸਥਾਨਕ ਸ਼ਹਿਰ ’ਚੋਂ ਲੰਘਦੀ ਬਠਿੰਡਾ-ਜੀਰਕਪੁਰ ਨੈਸ਼ਨਲ ਹਾਈਵੇ ਉਪਰ ਬਲਿਆਲ ਰੋਡ ਕੱਟ ਨਜ਼ਦੀਕ ਟ੍ਰੈਫ਼ਿਕ ਜਾਮ ਕਰਕੇ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਸਥਾਨਕ ਸ਼ਹਿਰ ਵਿਖੇ ਹੜਤਾਲ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ ਕਿਸਾਨਾਂ ਵੱਲੋਂ ਸਵੇਰ ਤੋਂ ਹੀ ਕੌਮੀ ਮਾਰਗ ਨੂੰ ਜਾਮ ਕਰ ਦਿੱਤਾ ਗਿਆ ਤੇ ਸ਼ਹਿਰ ਦੇ ਸਾਰੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਨਜ਼ਰ ਆਏ ਤੇ ਕਿਸਾਨਾਂ ਵੱਲੋਂ ਹਾਈਵੇ ਜਾਮ ਕਰ ਦੇਣ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦੇ ਹੋਏ ਤੇ ਪਿੰਡਾਂ ਦੇ ਰਸਤੇ ਹੋ ਕੇ ਜਾਂਦੇ ਦੇਖਿਆ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਮੋਹਨ ਸਿੰਘ ਸੂਬਾ ਜਨਰਲ ਸਕੱਤਰ ਤੇ ਗੁਰਮੀਤ ਸਿੰਘ ਭੱਟੀਵਾਲ ਸੂਬਾ ਮੀਤ ਪ੍ਰਧਾਨ ਬੀ.ਕੇ.ਯੂ ਏਕਤਾ ਡਕੌਂਦਾ, ਗੁਰਮੀਤ ਸਿੰਘ ਕਪਿਆਲ ਜ਼ਿਲ੍ਹਾ ਪ੍ਰਧਾਨ ਬੀਕੇਯੂ ਰਾਜੇਵਾਲ, ਕਰਮ ਸਿੰਘ ਬਲਿਆਲ ਬੀਕੇਯੂ ਡਕੌਂਦਾ ਜ਼ਿਲ੍ਹਾ ਪ੍ਰਧਾਨ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੁਕੇਸ਼ ਮਲੌਦ, ਡੀ. ਟੀ. ਐੱਫ. ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਬੀ. ਕੇ. ਯੂ ਡਕੌਂਦਾ (ਧਨੇਰ) ਦੇ ਬਲਾਕ ਪ੍ਰਧਾਨ ਰਣਧੀਰ ਸਿੰਘ ਭੱਟੀਵਾਲ ਤੇ ਕਰਮਜੀਤ ਸਿੰਘ ਬਾਲਦ ਕਲਾਂ, ਬੀ. ਕੇ. ਯੂ. ਉਗਰਾਹਾਂ ਦੇ ਅਜੈਬ ਸਿੰਘ ਲੱਖੇਵਾਲ ਤੇ ਕੁਲਦੀਪ ਸਿੰਘ ਲਾਡੀ ਬਖੋਪੀਰ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਖ਼ਿਲਾਫੀ ਕੀਤੀ ਹੈ। ਕਿਸਾਨਾਂ ਨਾਲ ਕੀਤੇ ਵਾਅਦੇ ਤੋਂ ਕੇਂਦਰ ਸਰਕਾਰ ਮੁੱਕਰ ਗਈ ਹੈ। ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਦਿੱਲੀ ਜਾ ਰਹੇ ਕਿਸਾਨਾਂ ਦਾ ਸੰਘਰਸ਼ ਕਰਨ ਦਾ ਹੱਕ ਖੋਹਣ ਲਈ ਸੜਕਾਂ ’ਤੇ ਪਥਰੀਲੀਆਂ ਕੰਧਾਂ ਕੱਢਣ, ਕਿੱਲ ਗੱਡਣ ਅਤੇ ਸਾਰੇ ਪੇਂਡੂ ਰਸਤਿਆਂ ’ਤੇ ਵੀ ਰੋਕਾਂ ਲਾਉਣ ਵਰਗੇ ਜਾਬਰ ਹਥਕੰਡੇ ਵਰਤਣ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਗ੍ਰਿਫਤਾਰ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ।ਇਸ ਮੌਕੇ ਗੁਰਮੇਲ ਸਿੰਘ ਭੜੋ, ਜਰਨੈਲ ਸਿੰਘ ਘਰਾਚੋਂ, ਦਰਬਾਰਾ ਸਿੰਘ ਨਾਗਰਾ, ਜਸਪਾਲ ਸਿੰਘ, ਕੁਲਤਾਰ ਸਿੰਘ, ਮਾਲਵਿੰਦਰ ਸਿੰਘ ਤੇ ਗਿਆਨ ਸਿੰਘ ਭਵਾਨੀਗੜ੍ਹ, ਕੁਲਜੀਤ ਸਿੰਘ ਨਾਗਰਾ, ਰੋਹੀ ਸਿੰਘ ਸੰਘਰੇੜੀ, ਬਲਜਿੰਦਰ ਸਿੰਘ ਸੰਘਰੇੜੀ, ਮੁਖਤਿਆਰ ਸਿੰਘ, ਜਸਵਿੰਦਰ ਸਿੰਘ, ਵਿਸ਼ਾਲ ਵਿੱਕੀ ਭਾਮਰੀ ਅਤੇ ਕਰਮਜੀਤ ਸਿੰਘ ਨਦਾਮਪੁਰ ਆਦਿ ਹਾਜ਼ਰ ਸਨ।