ਭਵਾਨੀਗੜ੍ਹ (ਬਲਵਿੰਦਰ ਬਾਲੀ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਦਸਿਆਂ ਦੌਰਾਨ ਜ਼ਖ਼ਮੀ ਹੋਏ ਲੋਕਾਂ ਦੀ ਜਾਨ ਬਚਾਉਣ ਲਈ ਬਣਾਈ ਗਈ ‘ਸੜਕ ਸੁਰੱਖਿਆ ਫੋਰਸ’ ਨੇ ਬੀਤੇ ਦਿਨ ਪਹਿਲੀ ਜਾਨ ਬਚਾਈ। ਫੋਰਸ ਨੂੰ ਭਵਾਨੀਗੜ੍ਹ ਦੀਆਂ ਬਾਲਦ ਕੈਂਚੀਆਂ ‘ਚ ਇੱਕ ਨੌਜਵਾਨ ਦੀ ਜਾਨ ਬਚਾਉਣ ਦਾ ਪਹਿਲਾ ਮੌਕਾ ਮਿਲਿਆ। ਦਰਅਸਲ ਬੀਤੀ ਰਾਤ ਰਾਤ 10 ਵਜੇ ਦੇ ਕਰੀਬ ਸਮਾਣਾ ਰੋਡ ‘ਤੇ ਓਵਰਬ੍ਰਿਜ ਹੇਠਾਂ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਡਿੱਗਿਆ ਪਿਆ ਸੀ, ਜੋ ਕਿ ਸਮਾਣੇ ਦਾ ਵਸਨੀਕ ਹੈ।
ਨੌਜਵਾਨ ਦੇ ਸਿਰ ਅਤੇ ਬਾਂਹ ‘ਤੇ ਗੰਭੀਰ ਜ਼ਖ਼ਮ ਸਨ। ਉਸ ਨੇ ਕੋਲੋਂ ਲੰਘਦੇ ਲੋਕਾਂ ਨੂੰ ਇਸ ਬਾਬਤ ਦੱਸਿਆ ਤਾਂ ਸਾਹਮਣੇ ਹੀ ‘ਸੜਕ ਸੁਰੱਖਿਆ ਫੋਰਸ’ ਦੀ ਖੜ੍ਹੀ ਗੱਡੀ ਦੇ ਮੁਲਾਜ਼ਮਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ। ਮੁਲਾਜ਼ਮਾਂ ਨੇ ਤੁਰੰਤ ਆ ਕੇ ਇਸ ਨੌਜਵਾਨ ਦੀ ਉੱਥੇ ਹੀ ਮੱਲਮ ਪੱਟੀ ਕੀਤੀ ਅਤੇ ਉਸ ਨੂੰ ਗੱਡੀ ‘ਚ ਬਿਠਾ ਕੇ ਸਿਰਫ 5 ਮਿੰਟ ‘ਚ ਭਵਾਨੀਗੜ੍ਹ ਦੇ ਸੀ. ਐੱਚ. ਸੀ. ਹਸਪਤਾਲ ਲੈ ਗਏ। ਇੱਥੇ ਡਾ. ਮੁਖਤਿਆਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਇਸ ਨੌਜਵਾਨ ਦਾ ਇਲਾਜ ਕੀਤਾ।
ਇਸ ਮੌਕੇ ‘ਸੜਕ ਸੁਰੱਖਿਆ ਫੋਰਸ’ ਯੂਨਿਟ ਦੇ ਕਰਨੈਲ ਸਿੰਘ ਦੇ ਦੱਸਿਆ ਕਿ ਉਹ ਇਸ ਬੀਟ ‘ਤੇ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ ਦੇ ਅਨੁਸਾਰ ਹੀ ਕੰਮ ਕਰ ਰਹੇ ਹਨ ਕਿਉਂਕਿ ਸਾਡਾ ਪਹਿਲਾ ਫਰਜ਼ ਇਹੀ ਹੈ ਕਿ ਅਸੀਂ ਕਿਸੇ ਵੀ ਵਿਅਕਤੀ ਦੀ ਜਾਨ ਬਚਾਈਏ। ਉਨ੍ਹਾਂ ਕਿਹਾ ਕਿ ਸਾਨੂੰ ਇਸ ਬਾਰੇ ਅਜੇ ਨਹੀਂ ਪਤਾ ਕਿ ਇਹ ਨੌਜਵਾਨ ਜ਼ਖਮੀ ਕਿਸ ਤਰ੍ਹਾਂ ਹੋਇਆ ਹੈ ਪਰ ਇਸ ਦੀ ਹਾਲਤ ਕਾਫੀ ਗੰਭੀਰ ਸੀ ਅਤੇ ਜੇਕਰ ਇਹ ਕੁੱਝ ਸਮਾਂ ਹੋਰ ਉੱਥੇ ਪਿਆ ਰਹਿੰਦਾ ਤਾਂ ਇਸ ਦੀ ਜਾਨ ਨੂੰ ਖ਼ਤਰਾ ਵੀ ਹੋ ਸਕਦਾ ਸੀ।