ਚੋਰਾਂ ਦੇ ਬੁਲੰਦ ਹੌਸਲੇ, ਹਾਰਡ ਵੇਅਰ ਦੀ ਦੁਕਾਨ ਤੋਂ ਸਮਾਨ ਤੇ ਨਕਦੀ ਚੋਰੀ।

ਭਵਾਨੀਗੜ੍ਹ (ਬਲਵਿੰਦਰ ਬਾਲੀ)   ਸ਼ਹਿਰ ਦੇ ਪੁਰਾਣੇ ਬੱਸ ਅੱਡੇ ਨੇੜੇ ਇਕ ਹਾਰਡ ਵੇਅਰ ਦੇ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਦੁਕਾਨ ਤੋਂ 2 ਹਜ਼ਾਰ ਰੁਪਏ ਦੀ ਨਕਦੀ ਤੇ 80 ਹਜ਼ਾਰ ਰੁਪਏ ਦੇ ਕਰੀਬ ਦਾ ਸਾਮਾਨ ਚੋਰੀ ਕਰਕੇ ਚੋਰ ਰਫੂਚੱਕਰ ਹੋ ਗਏ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਨਾਭਾ ਆਇਰਨ ਸੋਟਰ ਦੁਕਾਨ ਦੇ ਮਾਲਕ ਵਿਨੋਦ ਕੁਮਾਰ ਪੁੱਤਰ ਰਾਮ ਚੰਦ ਵਾਸੀ ਭਵਾਨੀਗੜ੍ਹ ਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਦੁਕਾਨ ਦੀ ਛੱਤ ਨੂੰ ਪਾੜ ਲਗਾ ਕੇ ਦੁਕਾਨ ਅੰਦਰ ਦਾਖ਼ਲ ਹੋਏ ਚੋਰ ਗਿਰੋਹ ਦੇ ਮੈਂਬਰ ਉਸ ਦੀ ਦੁਕਾਨ ਤੋਂ 80 ਹਜਾਰ ਰੁਪਏ ਦੀ ਕੀਮਤ ਦੇ ਕਰੀਬ ਦਾ ਸਾਮਾਨ ਅਤੇ ਗੱਲੇ ’ਚ ਪਈ 2 ਹਜ਼ਾਰ ਰੁਪਏ ਦੇ ਕਰੀਬ ਦੀ ਨਕਦੀ ਚੋਰੀ ਕਰਕੇ ਲੈ ਗਏ ਹਨ। ਵਿਨੋਦ ਕੁਮਾਰ ਨੇ ਦੱਸਿਆ ਕਿ ਦੁਕਾਨ ਦੀ ਤੀਸਰੀ ਮੰਜ਼ਿਲ ਤੋਂ ਚੋਰਾਂ ਨੇ ਪਹਿਲਾਂ ਛੱਤ ਨੂੰ ਪਾੜ ਲਗਾਇਆ ਤੇ ਫਿਰ ਅੰਦਰ ਦਾਖ਼ਲ ਹੋ ਕੇ ਦੂਜੀ ਮੰਜ਼ਿਲ ਤੋਂ ਨੈਸ਼ਨਲ ਹਾਈਵੇਅ ਵਾਲੀ ਸਾਇਡ ਵਾਲਾ ਸ਼ਟਰ ਤੋੜ ਕੇ ਰੱਸੇ ਦੀ ਮੱਦਦ ਨਾਲ ਚੋਰਾਂ ਨੇ ਇਹ ਸਾਮਾਨ ਦੁਕਾਨ ਤੋਂ ਬਾਹਰ ਹੇਠਾਂ ਉਤਾਰਿਆਂ। ਉਨ੍ਹਾਂ ਇਸ ਘਟਨਾ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ। ਮੌਕੇ ‘ਤੇ ਆਪਣੀ ਪੁਲਸ ਪਾਰਟੀ ਸਮੇਤ ਪਹੁੰਚੇ ਸਥਾਨਕ ਥਾਣੇ ਦੇ ਨਵੇ ਆਏ ਥਾਣਾ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਘਟਨਾ ਦਾ ਜਾਇਜ਼ਾ ਲਿਆ। ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ’ਚ ਚੋਰੀ ਦੀਆਂ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਪੁਲਸ ਤੇ ਸਿਵਲ ਪ੍ਰਸ਼ਾਸਨ ਪ੍ਰਤੀ ਸਖ਼ਤ ਰੋਸ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਪੁਲਸ ਵੱਲੋਂ ਰਾਤ ਨੂੰ ਸ਼ਹਿਰ ’ਚ ਗਸ਼ਤ ਕੀਤੇ ਜਾਣ ‘ਤੇ ਨੈਸ਼ਨਲ ਹਾਈਵੇ ‘ਤੇ ਨਾਕਾਬੰਦੀ ਕੀਤੇ ਜਾਣ ਦੇ ਦਾਅਵੇ ਕੀਤੇ ਜਾਂਦੇ ਹਨ, ਜਦੋਂ ਕਿ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਅੰਦਰ ਚੋਰਾਂ ਵੱਲੋਂ ਵੀ ਨੈਸ਼ਨਲ ਹਾਈਵੇ ਉਪਰ ਹੀ ਸਥਿਤ ਦੁਕਾਨਾਂ ਨੂੰ ਲਗਾਤਾਰ ਨਿਸ਼ਾਨਾ ਬਣਾ ਦੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।