ਸੰਗਰੂਰ (ਬਲਵਿੰਦਰ ਬਾਲੀ) – ਸੰਗਰੂਰ ਪੁਲਸ ਵਲੋਂ ਕਾਰਵਾਈ ਕਰਦੇ ਹੋਏ ਗੰਨ ਹਾਊਸ ‘ਚ ਹੋਈ ਅਸਲਾ ਚੋਰੀ ਦੀ ਵਾਰਦਾਤ ਨੂੰ 24 ਘੰਟਿਆਂ ਅੰਦਰ ਟਰੇਸ ਕਰਕੇ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਪੁਲਸ ਨੇ ਚੋਰੀਸ਼ੁਦਾ ਅਸਲਾ ਕੁੱਲ 14 ਹਥਿਆਰਾਂ ਸਮੇਤ 30 ਕਾਰਤੂਸ (5 ਪਿਸਤੌਲਾਂ, 5 ਰਿਵਾਲਵਰ, 3 ਬੰਦੂਕਾਂ ਅਤੇ 1 ਰਾਈਫਲ) ਸਮੇਤ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ, 1 ਇਲੈਕਟ੍ਰੀਕਲ ਕਟਰ, 1 ਹਥੌੜਾ ਅਤੇ 1 ਰਾਡ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ 12-13 ਜਨਵਰੀ ਦੀ ਦਰਮਿਆਨੀ ਰਾਤ ਨੂੰ ਚੰਚਲ ਗੰਨ ਹਾਊਸ ਸੰਗਰੂਰ ਵਿੱਚੋਂ ਨਾਮਲੂਮ ਵਿਅਕਤੀਆਂ ਵੱਲੋਂ ਅਸਲਾ ਅਤੇ ਕਾਰਤੂਸ ਚੋਰੀ ਕੀਤੇ ਗਏ ਸਨ। ਇਸ ‘ਤੇ ਚੰਚਲ ਕੁਮਾਰ ਪੁੱਤਰ ਚਤਰ ਭੁੱਜ ਗੋਇਲ ਵਾਸੀ ਸੰਗਰੂਰ ਦੇ ਬਿਆਨ ‘ਤੇ ਮੁਕੱਦਮਾ ਦਰਜ ਕੀਤਾ ਗਿਆ ਸੀ। ਪੁਲਸ ਨੇ ਟੈਕਨੀਕਲ ਢੰਗ ਨਾਲ ਕਾਰਵਾਈ ਕਰਦੇ ਹੋਏ ਮੁਕੱਦਮੇ ਨੂੰ 24 ਘੰਟਿਆਂ ਅੰਦਰ ਟਰੇਸ ਕਰ ਲਿਆ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੀ ਪਛਾਣ ਪਵਨਦੀਪ ਸਿੰਘ ਉਰਫ਼ ਪੰਮਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਾਤੜਾਂ, ਅਮਨਦੀਪ ਸਿੰਘ ਉਰਫ਼ ਅਮਨ ਪੁੱਤਰ ਸਰਵਣ ਸਿੰਘ ਵਾਸੀ ਮਾਨਸਾ, ਮਲਵਿੰਦਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਪਾਤੜਾਂ, ਸੰਦੀਪ ਸਿੰਘ ਉਰਫ਼ ਗਿਆਨੀ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਪਾਤੜਾਂ, ਗੁਰਮੀਤ ਸਿੰਘ ਉਰਫ਼ ਰਾਜਵੀਰ ਪੁੱਤਰ ਸਰਵਨ ਸਿੰਘ ਵਾਸੀ ਮਾਨਸਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਹਥਿਆਰ ਵੀ ਬਰਾਮਦ ਕੀਤੇ। ਫਿਲਹਾਲ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ। ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀਆਂ ਨੇ ਇਸ ਅਸਲੇ ਨਾਲ ਲੁੱਟ/ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ। ਵਾਰਦਾਤ ਕਰਨ ਸਮੇਂ 3 ਦੋਸੀਆਂ ਨੇ ਨਿਹੰਗ ਸਿੰਘਾਂ ਦਾ ਬਾਣਾ ਪਾਇਆ ਹੋਇਆ ਸੀ।