ਸੰਗਰੂਰ (ਬਲਵਿੰਦਰ ਬਾਲੀ) ਰਿਸ਼ਵਤ ਮਾਮਲੇ ‘ਚ ਫਸੇ ਪਟਵਾਰੀ ਦੇ ਹੱਕ ‘ਚ ਬਾਕੀ ਪਟਵਾਰੀਆਂ ਵੱਲੋਂ ਕਲਮ ਛੋੜ ਹੜਤਾਲ ਕੀਤੀ ਗਈ ਸੀ ਅਤੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਜੋ ਮਰਜ਼ੀ ਕਰਨ ਪਰ ਇਸ ਤੋਂ ਬਾਅਦ ਉਨ੍ਹਾਂ ਨੂੰ ਕਲਮ ਦੇਣੀ ਹੈ ਜਾਂ ਨਹੀਂ, ਇਹ ਫ਼ੈਸਲਾ ਸਰਕਾਰ ਕਰੇਗੀ। ਹੁਣ ਜਾਂਚ ਦੌਰਾਨ ਉਸੇ ਪਟਵਾਰੀ ਨੂੰ ਲੈ ਕੇ ਵੱਡਾ ਖ਼ੁਲਾਸਾ ਹੋਇਆ ਹੈ ਅਤੇ ਇਹ ਪਟਵਾਰੀ ਕਰੋੜਾਂ ਦਾ ਮਾਲਕ ਨਿਕਲਿਆ ਹੈ। ਦਰਅਸਲ ਹਲਕਾ ਖਨੌਰੀ ‘ਚ ਤਾਇਨਾਤ ਪਟਵਾਰੀ ਬਲਕਾਰ ਸਿੰਘ ਦੀ ਜਾਇਦਾਦ ਇੰਨੀ ਤੇਜ਼ੀ ਨਾਲ ਵਧੀ ਹੈ, ਜਿਸ ਨੇ ਵਿਜੀਲੈਂਸ ਨੂੰ ਵੀ ਹੈਰਾਨ ਕਰ ਦਿੱਤਾ ਹੈ।
ਬਲਕਾਰ ਸਿੰਘ ਨੇ 21 ਸਾਲਾਂ ਦੀ ਨੌਕਰੀ ਦੌਰਾਨ 54 ਥਾਵਾਂ ‘ਤੇ 55 ਏਕੜ ਜ਼ਮੀਨ ਖ਼ਰੀਦੀ, ਜਿਸ ਦੀ ਕੀਮਤ ਕਰੋੜਾਂ ‘ਚ ਹੈ। ਵਿਜੀਲੈਂਸ ਦੇ ਹੱਥ ਪਟਵਾਰੀ ਵੱਲੋਂ 1.24 ਕਰੋੜ ਦੀ ਜ਼ਮੀਨ ਹੋਰ ਖ਼ਰੀਦਣ ਦੇ ਬਿਆਨ ਵੀ ਲੱਗੇ ਹਨ। ਬਲਕਾਰ ਸਿੰਘ ਨੇ ਸੰਗਰੂਰ ‘ਚ ਸਭ ਤੋਂ ਵੱਧ ਜ਼ਮੀਨ ਖ਼ਰੀਦੀ ਹੈ। ਇਸ ਤੋਂ ਇਲਾਵਾ ਭੁਟਾਲ ਕਲਾਂ, ਜਲੂਹ, ਗੁਜਰਾਂ, ਬਲਰਾਣ, ਕਲੀਪੁਰ, ਹਮੀਰਗੜ੍ਹ, ਮਕੜ ਸਾਹਿਬ, ਰੋਡੇਵਾਲ, ਘੋੜੇਨਬ, ਭੁਟਾਲ ਖ਼ੁਰਦ ‘ਚ ਵੀ ਜ਼ਮੀਨਾਂ ਖ਼ਰੀਦੀਆਂ ਹਨ। ਫਿਲਹਾਲ ਵਿਜੀਲੈਂਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣੋ ਕੀ ਹੈ ਪੂਰਾ ਮਾਮਲਾ
ਅਸਲ ‘ਚ ਖਨੌਰ ਵਾਸੀ ਸੁਦਰਸ਼ਨ ਰਾਏ ਨਾਲ ਹੋਈ ਧੋਖਾਧੜੀ ਮਗਰੋਂ ਬਲਕਾਰ ਸਿੰਘ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋਇਆ ਸੀ। ਖਨੌਰੀ ‘ਚ ਸੁਦਰਸ਼ਨ ਦੇ ਨਾਂ ‘ਤੇ 14 ਕਨਾਲ, 11 ਮਰਲੇ ਜ਼ਮੀਨ ਸੀ। ਉਸ ਦਾ ਪਰਿਵਾਰ ਦਿੱਲੀ ‘ਚ ਸ਼ਿਫਟ ਹੋ ਗਿਆ ਸੀ। ਘੱਗਰ ਦਰਿਆ ਨੂੰ ਚੌੜਾ ਕਰਨ ਲਈ ਉਸ ਦੀ ਜ਼ਮੀਨ ‘ਚੋਂ 2 ਕਨਾਲ, 12 ਮਰਲੇ ਜ਼ਮੀਨ ਸਰਕਾਰ ਨੇ ਐਕੁਆਇਰ ਕੀਤੀ ਸੀ। ਬਾਕੀ 11 ਕਨਾਲ, 19 ਮਰਲੇ ਜ਼ਮੀਨ ਖਨੌਰੀ ਸ਼ਹਿਰ ‘ਚ ਪੈਂਦੀ ਸੀ। ਦੋਸ਼ ਹੈ ਕਿ ਪਟਵਾਰੀ ਬਲਕਾਰ ਸਿੰਘ ਨੇ ਬਾਕੀਆਂ ਨਾਲ ਮਿਲ ਕੇ ਇਸ ਜ਼ਮੀਨ ਨੂੰ ਹੜੱਪਣ ਲਈ ਸਾਲ 2018 ‘ਚ ਖੇਡ ਖੇਡੀ। ਜਾਅਲੀ ਵਸੀਅਤ ਤਿਆਰ ਕਰਕੇ ਪਟਵਾਰੀ ਦੇ ਸਾਥੀ ਦੀਪਕ ਰਾਜ ਦੇ ਨਾਂ ‘ਤੇ ਜ਼ਮੀਨ ਤਬਦੀਲ ਕਰ ਦਿੱਤੀ ਗਈ। ਪੂਰੇ ਪਰਿਵਾਰ ਦੇ ਫਰਜ਼ੀ ਬਿਆਨ ਦਿੱਤੇ ਗਏ। ਇਸ ਦੀ ਸ਼ਿਕਾਇਥ ਸੁਦਰਸ਼ਨ ਨੇ ਕੀਤੀ ਤਾਂ ਜਾਂਚ ਤੋਂ ਬਾਅਦ ਪਟਵਾਰੀ ਬਲਕਾਰ ਸਿੰਘ ਦੀ ਸਾਰੀ ਖੇਡ ਦਾ ਪਰਦਾਫਾਸ਼ ਹੋ ਗਿਆ। ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ ਇਸ ਮਾਮਲੇ ‘ਚ ਪਟਵਾਰੀ ਬਲਕਾਰ ਸਿੰਘ ਅਤੇ ਫੀਲਡ ਕਾਨੂੰਨਗੋ ਦਰਸ਼ਨ ਸਿੰਘ ਨੂੰ ਬੀਤੇ ਦਿਨੀਂ ਨੂੰ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ।