ਜੈ ਗੁਰੂਦੇਵ ਜੀ, ਅਮਰ ਸ਼ਹੀਦ ਸੰਤ ਰਾਮਾ ਨੰਦ ਜੀ ਮਹਾਰਾਜ ਜੀ ਦੇ 14 ਵੇਂ ਸ਼ਹੀਦੀ ਦਿਵਸ ਮੌਕੇ ਕੋਟਿਨ- ਕੋਟਿ ਪ੍ਰਨਾਮ।

ਹੁਸ਼ਿਆਰਪੁਰ ( ਜੋਗਿੰਦਰ ਕੈਂਥ ਲਹਿਰੀ) ਇਸ ਅਦਭੁੱਤ ਦੁਨੀਆਂ ਵਿਚ ਕੁੱਝ ਅਨੋਖੀਆਂ ਸ਼ਖਸੀਅਤਾਂ ਜਨਮ ਲੈਂਦੀਆਂ ਹਨ ਜਿਹੜੀਆਂ ਕਿ ਇਸ ਸਮਾਜ ਵਿੱਚ ਹਮੇਸ਼ਾ ਜੀਵਤ ਰਹਿੰਦੀਆਂ ਹਨ। ਸੱਚੇ ਸੰਤ ਹੀ ਇਸ ਮਾਨਵਤਾ ਨੂੰ ਸਹੀ ਰਸਤਾ ਵਿਖਾਉਂਦੇ ਹਨ। ਉਨਾਂ ਸੰਤਾਂ ਲਈ ਕੋਈ ਵੀ ਹੱਦ, ਸਰਹੱਦ, ਰੰਗ, ਭਾਸ਼ਾ ਅਤੇ ਭੇਦ–ਭਾਵ ਦਾ ਕੋਈ ਵੀ ਅਰਥ ਨਹੀਂ ਹੁੰਦਾ।
ਸ੍ਰੀ 108 ਸੰਤ ਰਾਮਾ ਨੰਦ ਜੀ ਮਹਾਰਾਜ ਦਾ ਜਨਮ 2 ਫਰਵਰੀ, 1952 ਨੂੰ ਪਿਤਾ ਸ੍ਰੀ ਮਹਿੰਗਾ ਰਾਮ, ਮਾਤਾ ਸ੍ਰੀਮਤੀ ਜੀਤ ਕੌਰ ਜੀ ਦੇ ਘਰ ਅਲਾਵਲਪੁਰ ਜ਼ਿਲਾ ਜਲੰਧਰ ਵਿਚ ਹੋਇਆ। ਬਚਪਨ ਤੋਂ ਹੀ ਇਨਾਂ ਦੀ ਸੰਤ ਰੂਪੀ ਦਿੱਖ ਵੇਖ ਕੇ ਲੋਕੀ ਹੈਰਾਨ ਹੋ ਜਾਂਦੇ ਸੀ। ਬਚਪਨ ਤੋਂ ਹੀ ਇਨਾਂ ਦਾ ਪ੍ਰਮਾਤਮਾ ਦੀ ਭਗਤੀ ਵੱਲ ਧਿਆਨ ਸੀ ਕਿਉਂਕਿ ਸੰਤਾਂ ਦੇ ਨਾਲ ਜ਼ਿਆਦਾ ਰਹਿੰਦੇ ਸਨ। ਸੰਤ ਰਾਮਾਨੰਦ ਜੀ ਘਰ ਦਾ ਕੰਮ ਕਰਦੇ ਹੋਏ ਵੀ ਪ੍ਰਮਾਤਮਾ ਵੱਲ ਧਿਆਨ ਰਖਦੇ ਅਤੇ ਸੰਤਾਂ ਵੱਲ ਰੁਚਿਤ ਰਹਿੰਦੇ ਸਨ। ਆਪ ਜੀ ਨੇ ਉੱਚ ਵਿੱਦਿਆ ਗਰੈਜੂਏਸ਼ਨ ਦੀ ਪੜ੍ਹਾਈ 1972 ਵਿੱਚ ਦੁਆਬਾ ਕਾਲਜ, ਜਲੰਧਰ ਤੋਂ ਕੀਤੀ।ਅਖੀਰ ਵਿੱਚ ਇਨਾਂ ਨੇ ਡੇਰਾ ਸੱਚਖੰਡ ਬੱਲਾਂ ਵਿਚ ਸੇਵਾ, ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। 108 ਸੰਤ ਹਰੀਦਾਸ ਜੀ ਮਹਾਰਾਜ ਨੇ ਇਨਾਂ ਨੂੰ ਨਾਮ ਦਾਨ ਬਖ਼ਸ਼ਿਆ। ਇਨਾਂ ਨੇ ਬਾਬਾ ਪਿੱਪਲ ਦਾਸ ਜੀ ਦੀ ਯਾਦ ਵਿੱਚ ਬਣੇ ਸੁੰਦਰ ਮੰਦਰ ਵਿਚ ਰਹਿ ਕੇ 21 ਸਾਲ ਦੀ ਛੋਟੀ ਉਮਰ ਵਿਚ ਹੀ ਪ੍ਰਮਾਤਮਾ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਸੀ।ਸੰਤ ਰਾਮਾ ਨੰਦ ਜੀ, ਬ੍ਰਹਮਲੀਨ ਸੰਤ ਹਰੀ ਦਾਸ ਜੀ ਮਹਾਰਾਜ ਜੀ ਦੇ ਸਮੇਂ ਅਤੇ ਗਰੀਬ ਦਾਸ ਜੀ ਮਹਾਰਾਜ ਦੇ ਸਮੇਂ ਵਿਚ ਦਿਨ ਵੇਲੇ ਡੇਰੇ ਵਿਚ ਰਹਿ ਕੇ ਸੰਗਤਾਂ ਦੀ ਸੇਵਾ ਕਰਦੇ ਅਤੇ ਭਜਨ, ਸ਼ਬਦ ਕੀਰਤਨ ਤੇ ਕਥਾ ਕਰਦੇ। ਇਨਾਂ ਨੂੰ ਨਾਮਦਾਨ ਤਾਂ ਸੰਤ 108 ਹਰੀਦਾਸ ਜੀ ਮਹਾਰਾਜ ਨੇ ਬਖ਼ਸ਼ਿਆ। ਪਰ ਇਨਾਂ ਨੂੰ ਗਰੀਬ ਦਾਸ ਜੀ ਨੇ ਭੇਖ ਧਾਰਨ ਕਰਵਾਇਆ। ਇਨਾਂ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਧਾਰਨਾਵਾਂ ਨੂੰ ਫੈਲਾਉਣ ਲਈ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਵਿਚ ਪ੍ਰਚਾਰ ਕੀਤਾ। ਰਵਿਦਾਸੀਆ ਧਰਮ ਦੇ ਲੋਕਾਂ ਨੂੰ ਨਾਲ ਰਲ਼ਾ ਕੇ ਜਦੋਂ ਇਹ ਪ੍ਰਵਚਨ ਕਰਦੇ ਤਾਂ ਲੋਕ ਸਮੂਹਿਕ ਹੋ ਜਾਂਦੇ ਸਨ। ਇਨਾਂ ਨੇ ਸ੍ਰੀ ਗੁਰੂ ਰਵਿਦਾਸ ਸੰਗੀਤ ਅਕੈਡਮੀ ਡੇਰਾ ਸੱਚਖੰਡ ਬੱਲਾਂ ਵਿਖੇ ਖੋਲੀ। ਉਸ ਅਕੈਡਮੀ ਨੇ ਬਹੁਤ ਸਾਰੇ ਧਾਰਮਿਕ ਕਵੀ, ਲਿਖਾਰੀ, ਗੀਤਕਾਰ ਅਤੇ ਸਾਹਿਤਕਾਰ ਪੈਦਾ ਕੀਤੇ। ਜਿਨਾਂ ਨੂੰ ਸਮੇਂ ਸਮੇਂ ਸਿਰ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਂਦਾ ਰਿਹਾ। ਜਲੰਧਰ ਦੂਰਦਰਸ਼ਨ ਤੋਂ ਅੰਮ੍ਰਿਤਬਾਣੀ ਸ੍ਰੀ ਗੁਰੂ ਰਵਿਦਾਸ’ ਅਤੇ ‘ਬੇਗਮਪੁਰਾ ਸਹਿਰ ਕਉ ਨਾਉਂ ’ ਇਨਾਂ ਦੀ ਆਵਾਜ਼ ’ਚ ਪ੍ਰਸਾਰਿਤ ਕੀਤੇ ਗਏ।108 ਸੰਤ ਰਾਮਾ ਨੰਦ ਜੀ ਮਹਾਰਾਜ ‘‘ਬੇਗਮਪੁਰਾ ਸ਼ਹਿਰ’’ ਹਫ਼ਤਾਵਾਰੀ ਅਖ਼ਬਾਰ ਦੇ ਸੰਪਾਦਕ ਵੀ ਰਹੇ, ਆਪ ਜੀ ਨੇ ਇੰਗਲੈਂਡ ਦੀ ਪਾਰਲੀਮੈਂਟ ਸਦਨ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਬਾਰੇ ਮੁੱਖ ਭਾਸ਼ਣ ਦਿੱਤਾ ਜੋ ਇਤਿਹਾਸ ਬਣ ਗਿਆ।ਡੇਰੇ ਵੱਲੋਂ ਚਲਾਈਆਂ ਗਈਆਂ ਬਹੁਤ ਸਾਰੀਆਂ ਸੰਸਥਾਵਾਂ ਨੂੰ ਬਣਾਉਣ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਜਿਵੇਂ:–
1) ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਸੀਰ ਗੋਵਰਧਨਪੁਰ ਬਾਰਾਣਸੀ।
2) ਸੰਤ ਸਰਬਣ ਦਾਸ ਚੈਰੀਟੇਬਲ ਹਸਪਤਾਲ ਅੱਡਾ ਕਠਾਰ।
3) ਸ੍ਰੀ ਗੁਰੂ ਰਵਿਦਾਸ ਸਤਿਸੰਗ ਭਵਨ ਬੱਲਾਂ।
4) ਸ੍ਰੀ ਗੁਰੂ ਰਵਿਦਾਸ ਮੰਦਰ ਅਤੇ ਸੰਤ ਸਰਬਣ ਦਾਸ ਮਾਡਲ ਸਕੂਲ,
ਹਦੀਆਬਾਦ (ਫਗਵਾੜਾ)
5) ਸੰਤ ਸਰਬਣ ਦਾਸ ਚੈਰੀਟੇਬਲ ਅੱਖਾਂ ਦਾ ਹਸਪਤਾਲ, ਬੱਲਾਂ।
6) ਸ੍ਰੀ ਗੁਰੂ ਰਵਿਦਾਸ ਮੰਦਰ ਸਿਰਸਗੜ (ਹਰਿਆਣਾ)
7) ਕਰਮਭੂਮੀ ਬਾਬਾ ਪਿੱਪਲ ਦਾਸ ਜੀ ਤੇ ਸੰਤ ਸਰਬਣ ਦਾਸ ਮਹਾਰਾਜ ਜੀ ਜਨਮ ਸਥਾਨ ਗਿੱਲ ਪੱਤੀ ਬਠਿੰਡਾ, ਸ੍ਰੀ ਗੁਰੂ ਰਵਿਦਾਸ ਮੰਦਰ ਕਾਤਰਜ ਪੂਨਾ ਆਦਿ।
ਅਖੀਰ 25 ਮਈ, 2009 ਨੂੰ ਸ੍ਰੀ ਗੁਰੂ ਰਵਿਦਾਸ ਮੰਦਰ ਵਿਆਨਾ (ਆਸਟਰੀਆ) ਵਿਖੇ ਮਾਨਵਤਾ ਦੇ ਦੁਸ਼ਮਣਾਂ ਨੇ ਇਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਗੋਲੀਆਂ ਲੱਗਣ ਦੇ ਬਾਵਜੂਦ ਸੰਤ ਰਾਮਾ ਨੰਦ ਜੀ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਸਿਮਰਨ ਕਰਨਾ ਬੰਦ ਨਹੀਂ ਕੀਤਾ ,ਇਨਾਂ ਦੇ ਮੂੰਹੋਂ ਅਖੀਰ ਤੱਕ ਇਹ ਸ਼ਬਦ ‘‘ਸਤਿਸੰਗਤਿ ਮਿਿਲ ਰਹੀਐ ਮਾਧਉ ਜੈਸੇ ਮਧੁਪ ਮਖੀਰਾ” ਗੂੰਜਦੇ ਰਹੇ। ਅੱਜ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਸੰਤ ਰਾਮਾ ਨੰਦ ਜੀ ਮਹਾਰਾਜ ਜੀ ਦੇ ਆਖਰੀ ਸ਼ਬਦਾਂ ਨੂੰ ਧਿਆਨ ਵਿਚ ਰੱਖਦੇ ਹੋਏ ਰਵਿਦਾਸੀਆ ਕੌਮ ਨੂੰ ਇਕਮੁੱਠ ਹੋ ਕੇ ਉਨਾਂ ਦੀਆਂ ਧਾਰਨਾਵਾਂ ਉਪਰ ਚੱਲਣਾ ਚਾਹੀਦਾ ਹੈ।ਸੰਤ ਰਾਮਾ ਨੰਦ ਜੀ ਮਹਾਰਾਜ ਬੇਸ਼ੱਕ ਸਾਡੇ ਵਿਚਕਾਰ ਨਹੀਂ ਰਹੇ,ਪਰ ਉਨਾਂ ਦੀ ਉਸਾਰੂ ਸੋਚ, ਉੱਚ ਵਿਚਾਰ ਸਾਨੂੰ ਹਮੇਸ਼ਾ ਸਹੀ ਰਾਹਾਂ ਵੱਲ ਤੋਰਦੀ ਰਹੇਗੀ। ਇਨਾਂ ਦਾ ਪਾਵਨ ਅੰਗੀਠਾ ਸਾਹਿਬ ਤੇ ਸਮਾਧ 108 ਸੰਤ ਗਰੀਬ ਦਾਸ ਜੀ ਦੇ ਅੰਗੀਠਾ ਸਾਹਿਬ ਦੇ ਪੱਛਮ ਵੱਲ ਸਥਿਤ ਹੈ।

error: Content is protected !!