ਭਵਾਨੀਗੜ੍ਹ (ਕ੍ਰਿਸ਼ਨ ਚੌਹਾਨ)- ਪਸ਼ੂਆਂ ਲਈ ਕਥਿਤ ਕੀੜਿਆਂ ਵਾਲਾ ਗੰਦਾ ਹਰਾ ਚਾਰਾ ਸਪਲਾਈ ਕਰਨ ‘ਤੇ ਭੜਕੇ ਅੱਜ ਇਲਾਕੇ ਦੇ ਇਕੱਤਰ ਹੋਏ ਪਸ਼ੂ ਪਾਲਕਾਂ ਨੇ ਇੱਥੇ ਬਲਿਆਲ ਤੋੰ ਰਾਮਪੁਰਾ ਰੋਡ ‘ਤੇ ਸਥਿਤ ਇੱਕ ਫੈਕਟਰੀ ਦੇ ਮਾਲਕਾਂ ਦੇ ਵਿਰੁੱਧ ਮੋਰਚਾ ਖੋਲ੍ਹਦਿਆਂ ਫੈਕਟਰੀ ਦੇ ਗੇਟ ਨੇੜੇ ਟੈੰਟ ਗੱਡ ਕੇ ਧਰਨਾ ਲਗਾ ਦਿੱਤਾ। ਇਸ ਮੌਕੇ ਧਰਨੇ ‘ਤੇ ਬੈਠੇ ਪਸ਼ੂ ਪਾਲਕ ਰਾਜਿੰਦਰ ਪਾਲ, ਗੁਰਪ੍ਰੀਤ ਸਿੰਘ ਵਾਸੀ ਭਵਾਨੀਗੜ੍ਹ ਨੇ ਕਿਹਾ ਕਿ ਉਹ ਦੋਵੇੰ ਗਊਆਂ ਤੇ ਮੱਝਾਂ ਦੇ ਫਾਰਮ ਚਲਾਉਂਦੇ ਹਨ। ਵਿਅਕਤੀਆਂ ਨੇ ਦੱਸਿਆ ਕਿ ਉਕਤ ਫੈਕਟਰੀ ਦਾ ਮਾਲਕ ਸੁਭਾਸ਼ ਚੰਦ ਬੀਜਾਂ ਤੇ ਮੱਕੀ ਦਾ ਆਚਾਰ ਬਣਾ ਕੇ ਵੇਚਦਾ ਹੈ ਜਿਸ ਪਾਸੋੰ ਉਨ੍ਹਾਂ ਨੇ ਆਪਣੇ ਪਸ਼ੂਆਂ ਲਈ 90 ਕੁਇੰਟਲ ਮੱਕੀ ਦਾ ਆਚਾਰ ਖਰੀਦਿਆ ਸੀ ਜਿਸਦੀ ਬਣਦੀ ਕੀਮਤ ਦਾ ਭੁਗਤਾਨ ਵੀ ਉਨ੍ਹਾਂ ਵੱਲੋੰ ਕੀਤਾ ਗਿਆ। ਪਸ਼ੂ ਪਾਲਕਾਂ ਨੇ ਦੋਸ਼ ਲਗਾਇਆ ਕਿ ਖਰੀਦ ਕੀਤੇ ਆਚਾਰ ਦੀ ਉਨ੍ਹਾਂ ਵੱਲੋੰ ਜਦੋੰ ਪਰਖ ਕੀਤੀ ਗਈ ਤਾਂ ਉਸ ‘ਚੋੰ ਬਦਬੂ ਆ ਰਹੀ ਸੀ ਤੇ ਕੀੜੇ ਚੱਲ ਰਹੇ ਸਨ। ਇਸ ਸਬੰਧੀ ਉਨ੍ਹਾਂ ਵੱਲੋੰ ਜਦੋੰ ਫੈਕਟਰੀ ਮਾਲਕ ਨਾਲ ਮਿਲ ਕੇ ਇਤਰਾਜ ਜਾਹਿਰ ਕੀਤਾ ਤਾਂ ਉਨ੍ਹਾਂ ਦੀ ਕੋਈ ਸੁਣਵਾਈ ਨਹੀੰ ਕੀਤੀ ਬਲਕਿ ਆਖਿਆ ਗਿਆ ਕਿ ਆਚਾਰ ਵਾਪਸ ਨਹੀੰ ਹੋਵੇਗਾ ਤੇ ਤੁਸੀਂ ਜੋ ਕਰਨਾ ਹੈ ਕਰ ਲਵੋ। ਉਕਤ ਪਸ਼ੂ ਪਾਲਕਾਂ ਨੇ ਦੋਸ਼ ਲਗਾਇਆ ਕਿ ਫੈਕਟਰੀ ਮਾਲਕਾਂ ਵੱਲੋੰ ਗੰਦਾ ਤੇ ਕੀੜਿਆਂ ਵਾਲਾ ਆਚਾਰ ਸਪਲਾਈ ਕਰਕੇ ਪਸ਼ੂਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਮਾਮਲੇ ਸਬੰਧੀ ਪੁਲਸ ਪ੍ਰਸ਼ਾਸਨ ਕੋਲ ਸ਼ਿਕਾਇਤ ਕਰਨ ‘ਤੇ ਕੋਈ ਪੁਲਸ ਕਾਰਵਾਈ ਨਹੀੰ ਹੋਈ। ਪਸ਼ੂ ਪਾਲਕ ਗੁਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਗੰਦਾ ਆਚਾਰ ਖਾਣ ਨਾਲ ਉਸ ਦੀਆਂ 5 ਗਾਵਾਂ ਤੇ 3 ਮੱਝਾਂ ਤੇ ਰਾਜਿੰਦਰ ਪਾਲ ਦੀਆਂ 2 ਮੱਝਾਂ ਬਿਮਾਰ ਹੋ ਗਈਆਂ ਜਿਸ ਕਾਰਨ ਉਨ੍ਹਾਂ ਨੂੰ ਕਰੀਬ ਸਵਾ ਲੱਖ ਰੁਪਏ ਦੀ ਕੀਮਤ ਦੇ ਪਸ਼ੂ ਮਹਿਜ਼ 30-30 ਹਜ਼ਾਰ ‘ਚ ਵੇਚਣੇ ਪਏ। ਇਸ ਉਪਰੰਤ ਅੱਜ ਉਨ੍ਹਾਂ ਨੂੰ ਫੈਕਟਰੀ ਅੱਗੇ ਧਰਨਾ ਦੇਣ ਦੇ ਲਈ ਮਜਬੂਰ ਹੋਣਾ ਪਿਆ। ਇਸ ਮੌਕੇ ਚੰਨਣ ਸਿੰਘ, ਜਸਵਿੰਦਰ ਸਿੰਘ, ਗੁਰਨਾਮ ਸਿੰਘ, ਸਤਨਾਮ ਸਿੰਘ, ਮੰਨੂ ਪੰਨਵਾਂ, ਦਵਿੰਦਰ ਸਿੰਘ, ਹੈਪੀ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ ਆਦਿ ਨੇ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਫੈਕਟਰੀ ਮਾਲਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। **ਓਧਰ, ਦੂਜੇ ਪਾਸੇ ਫੈਕਟਰੀ ਮਾਲਕ ਸੁਭਾਸ਼ ਚੰਦ ਦੇ ਲੜਕੇ ਸ਼ੈੰਟੀ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਧਰਨੇ ‘ਤੇ ਬੈਠੇ ਲੋਕਾਂ ਵੱਲੋੰ ਉਨ੍ਹਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਦੋਂਕਿ ਅਸੀੰ ਉਨ੍ਹਾਂ ਨੂੰ ਕੋਈ ਚਾਰਾ ਵੇਚਿਆ ਹੀ ਨਹੀੰ।