ਭਵਾਨੀਗੜ੍ਹ (ਗੁਰਦੀਪ ਸਿੰਘ) ਇੱਥੇ ਸ਼ਹਿਰ ਦੀ ਸੰਘਣੀ ਆਬਾਦੀ ਵਿੱਚ ਸਥਿਤ ਖੇਤੀਬਾੜੀ ਵਿਭਾਗ ਦੇ ਦਫਤਰ ਅਤੇ ਪਸ਼ੂ ਹਸਪਤਾਲ ਵਿੱਚੋ ਚੋਰਾਂ ਵੱਲੋਂ ਟਾਕੀ ਦੇ ਸ਼ੀਸ਼ੇ ਤੇ ਦਰਵਾਜ਼ੇ ਤੋੜਕੇ ਕੰਪਿਊਟਰ, ਸੀਪੀਯੂ ਤੇ ਹੋਰ ਸਮਾਨ ਚੋਰੀ ਕਰਨ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਦੀਪ ਸਿੰਘ ਖੇਤੀਬਾੜੀ ਅਫ਼ਸਰ ਭਵਾਨੀਗੜ੍ਹ ਅਤੇ ਡਾ. ਗਗਨ ਬਜਾਜ ਸੀਨੀਅਰ ਵੈਟਰਨਰੀ ਅਫਸਰ ਨੇ ਦੱਸਿਆ ਕਿ ਸ਼ਹਿਰ ਦੇ ਵਿਚਕਾਰ ਇਕੋ ਚਾਰਦੀਵਾਰੀ ਵਿਚ ਸਥਿਤ ਦੋਵੇਂ ਸਰਕਾਰੀ ਸੰਸਥਾਵਾਂ ਵਿੱਚ ਹਫ਼ਤੇ ਅੰਦਰ ਹੀ ਦੂਜੀ ਵਾਰ ਵਾਰਦਾਤ ਕਰਦਿਆਂ ਉਕਤ ਸਮਾਨ ਚੋਰੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਹੋਈ ਚੋਰੀ ਸਬੰਧੀ ਸਥਾਨਕ ਥਾਣੇ ਵਿਚ ਸੂਚਨਾ ਦਿੱਤੀ ਗਈ ਸੀ, ਪਰ ਇਸੇ ਦੌਰਾਨ ਬੀਤੀ ਰਾਤ ਫਿਰ ਚੋਰਾਂ ਨੇ ਦੂਜੀ ਵਾਰ ਦਰਵਾਜੇ ਤੇ ਖਿੜਕੀਆਂ ਤੋੜਕੇ ਚੋਰੀ ਕੀਤੀ ਗਈ। ਦੋਵਾਂ ਅਧਿਕਾਰੀਆਂ ਨੇ ਦੱਸਿਆ ਕਿ ਇਥੇ ਪਸ਼ੂ ਹਸਪਤਾਲ ਤੇ ਖੇਤੀਬਾੜੀ ਦਫ਼ਤਰ ਸਮੇਤ ਆਮ ਆਦਮੀ ਕਲੀਨਿਕ ਵੀ ਸਥਾਪਿਤ ਕੀਤਾ ਗਿਆ ਹੈ, ਪਰ ਇਨ੍ਹਾਂ ਤਿੰਨਾਂ ਦਫ਼ਤਰਾਂ ਦੀ ਰਾਖੀ ਲਈ ਕੋਈ ਚੌਕੀਦਾਰ ਵਗੈਰਾ ਨਹੀਂ ਹੈ ਅਤੇ ਨਾ ਹੀ ਸੀਸੀਟੀਵੀ ਕੈਮਰਿਆਂ ਦੀ ਸੁਵਿਧਾ ਹੈ। ਇਸ ਸਬੰਧੀ ਪੁਲੀਸ ਨੂੰ ਵੀ ਸੂਚਨਾ ਦਿੱਤੀ ਗਈ ਹੈ।