ਭਵਾਨੀਗੜ੍ਹ(ਕ੍ਰਿਸ਼ਨ ਚੌਹਾਨ)- ਪਿੰਡ ਘਰਾਚੋੰ ਦੀ ਅਨਾਜ ਮੰਡੀ ਵਿੱਚ ਅੱਜ ਘੱਟ ਰੇਟ ‘ਤੇ ਕਣਕ ਦੀ ਬੋਲੀ ਕਰਵਾਉਣ ਆਏ ਖਰੀਦ ਏਜੰਸੀਆਂ ਦੇ ਅਧਿਕਾਰੀਆ ਦਾ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਇਕਾਈ ਘਰਾਚੋੰ ਦੇ ਪ੍ਰਧਾਨ ਰਘਬੀਰ ਸਿੰਘ ਘਰਾਚੋੰ ਦੀ ਅਗਵਾਈ ਹੇਠ ਕਿਸਾਨਾਂ ਵੱਲੋੰ ਘਿਰਾਓ ਕੀਤਾ ਗਿਆ। ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੇ ਕੇੰਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ, ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਭਵਾਨੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਤੇ ਰਘਬੀਰ ਸਿੰਘ ਘਰਾਚੋੰ ਨੇ ਦੋਸ਼ ਲਾਉੰਦਿਆ ਆਖਿਆ ਕਿ ਕੇੰਦਰ ਦੀ ਮੋਦੀ ਹਕੂਮਤ ਦੇਸ਼ ਦੇ ਅੰਨਦਾਤਾ ਕਿਸਾਨਾਂ ਦੇ ਖਿਲਾਫ਼ ਭੁਗਤ ਰਹੀ ਹੈ। ਕੇਂਦਰ ਸਰਕਾਰ ਨੇ 5 ਤੋਂ 37 ਰੁਪਏ ਪ੍ਰਤੀ ਕੁਇੰਟਲ ਤੱਕ ਰੇਟਾਂ ‘ਚ ਕਟੌਤੀ ਕਰਕੇ ਕਿਸਾਨਾਂ ਦੀ ਕਣਕ ਦੀ ਫਸਲ ਦੀ ਖ਼ਰੀਦ ਕਰਨ ਦੇ ਫਰਮਾਨ ਸੁਣਾ ਦਿੱਤੇ ਹਨ ਜੋ ਕਿਸਾਨਾਂ ਨਾਲ ਸਰਾਸਰ ਧੱਕਾ ਹੈ। ਆਗੂਆਂ ਨੇ ਕਿਹਾ ਕਿ ਕੇੰਦਰ ਸਰਕਾਰ ਦੇ ਇਸ ਫੈਸਲੇ ਦੀ ਜਿੰਨ੍ਹੀ ਨਿਖੇਧੀ ਕੀਤੀ ਜਾਵੇ ਘੱਟ ਹੈ। ਇਸ ਮੌਕੇ ਹੋਰਨਾਂ ਤੋੰ ਇਲਾਵਾ ਬਲਾਕ ਆਗੂ ਬਲਵਿੰਦਰ ਸਿੰਘ ਘਨੌੜ, ਹਰਜੀਤ ਸਿੰਘ ਮਹਿਲਾ, ਹਰਜਿੰਦਰ ਸਿੰਘ ਘਰਾਚੋਂ, ਜਸਵੀਰ ਸਿੰਘ ਗੱਗੜਪੁਰ, ਕਰਮ ਚੰਦ ਪੰਨਵਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਵਿਰੋਧ ਉਪਰੰਤ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਘੱਟ ਰੇਟ ‘ਤੇ ਬੋਲੀ ਲਾਉਣ ਤੋੰ ਇਨਕਾਰੀ ਕਰਨ ‘ਤੇ ਕਿਸਾਨਾਂ ਨੇ ਉਨ੍ਹਾਂ ਨੂੰ ਜਾਣ ਦਿੱਤਾ।