ਭਵਾਨੀਗੜ੍ਹ (ਕ੍ਰਿਸ਼ਨ ਚੌਹਾਨ) ਅੱਜ ਪਿੰਡ ਭੜੋ ਵਿਖੇ ਅਨਾਜ ਮੰਡੀ ਵਿਚ ਮਾੜੇ ਪ੍ਰਬੰਧਾਂ ਖਿਲਾਫ ਕਿਸਾਨਾਂ ਵਲੋਂ ਨਾਅਰੇਬਾਜੀ ਕੀਤੀ ਗਈ। ਪੀੜਤ ਕਿਸਾਨਾਂ ਨਾਲ ਹਮਦਰਦੀ ਪ੍ਰਗਟਾਉਣ ਲਈ ਸ਼ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਵਿਸ਼ੇਸ਼ ਤੌਰ ਤੇ ਪਹੁੰਚੇ।
ਨਾਅਰੇਬਾਜੀ ਕਰਦਿਆਂ ਕਿਸਾਨਾਂ ਨੇ ਦੋਸ਼ ਲਗਾਇਆ ਕਿ ਭੜੋ ਅਨਾਜ ਮੰਡੀ ਵਿਚ ਨਾ ਹੀ ਬਿਜਲੀ ਦਾ ਪ੍ਰਬੰਧ ਹੈ, ਨਾ ਸਫਾਈ ਕੀਤੀ ਗਈ ਹੈ ਨਾ ਹੀ ਕਿਸਾਨਾਂ ਦੇ ਪੀਣ ਲਈ ਪਾਣੀ ਦਾ ਕੋਈ ਪ੍ਰਬੰਧ ਕੀਤਾ ਗਿਆ। ਕਿਸਾਨਾਂ ਨੇ ਦੱਸਿਆ ਕਿ ਜਦੋਂ ਉਹ ਅਨਾਜ ਮੰਡੀ ਵਿਚ ਕਣਕ ਲਾਹੁਣ ਲਈ ਆਉਂਦੇ ਹਨ ਤਾਂ ਪਹਿਲਾਂ ਆਪਣੇ ਖਰਚੇ ਤੇ ਸਫਾਈ ਕੀਤੀ ਜਾਂਦੀ ਹੈ, ਫਿਰ ਕਣਕ ਦੀ ਫਸਲ ਉਤਾਰੀ ਜਾਂਦੀ ਹੈ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਸਾਡੇ ਤਾਂ ਕੋਈ ਫੋਨ ਵੀ ਨਹੀਂ ਚੁੱਕਦਾ। ਮਾਰਕਿਟ ਕਮੇਟੀ ਦੇ ਅਧਿਕਾਰੀ ਆਉਣ ਦੇ ਝੂਠੇ ਲਾਅਰੇ ਲਗਾ ਰਹੇ ਹਨ। ਅੱਜ ਤੱਕ ਹਲਕਾ ਵਿਧਾਇਕਾ ਨੇ ਇਕ ਵੀ ਗੇੜਾ ਨਹੀਂ ਮਾਰਿਆ। ਲੋਕਾਂ ਨੇ ਦੋਸ਼ ਲਗਾਇਆ ਕਿ ਅਸੀਂ ਜਿੱਤਣ ਦੀ ਖੁਸ਼ੀ ਵਿਚ ਅਖੰਡ ਪਾਠ ਕਰਵਾਉਣ ਯੋਗੇ ਹੀ ਰਹਿ ਗਏ। ਉਹਨਾਂ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਦਾ ਧੰਨਵਾਦ ਕੀਤਾ ਜਿਹੜੇ ਕਿਸਾਨਾਂ ਦੇ ਇੱਕ ਸੱਦੇ ਉਪਰ ਉਹਨਾਂ ਨਾਲ ਹਮਦਰਦੀ ਪ੍ਰਗਟਾਉਣ ਲਈ ਪਹੁੰਚ ਗਏ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਮਾਰਕਿਟ ਕਮੇਟੀ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ। ਪਿੰਡ ਦੇ ਸਾਬਕਾ ਸਰਪੰਚ ਵਿਕਰਮਜੀਤ ਸਿੰਘ ਭੜੋ ਨੇ ਦੋਸ਼ ਲਗਾਇਆ ਕਿ ਸਰਕਾਰ ਦਾ ਕਿਸਾਨਾਂ ਵੱਲ ਕੋਈ ਧਿਆਨ ਨਹੀਂ, ਸਰਕਾਰ ਦਾ ਜੋਰ ਸਿਰਫ ਜਲੰਧਰ ਜਿਮਨੀ ਚੋਣ ਜਿੱਤਣ ਤੇ ਲੱਗਾ ਹੋਇਆ ਹੈ ਇਸ ਲਈ ਸਰਕਾਰ ਦਾ ਸਾਰਾ ਅਮਲਾ ਫੈਲਾ ਜਲੰਧਰ ਡੇਰੇ ਲਗਾਈ ਬੈਠਾ ਹੈ। ਇਸ ਸਬੰਧੀ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਸੀ, ਜਿਸ ਕਾਰਨ ਸਫਾਈ ਦਾ ਕੰਮ ਲੇਟ ਹੋ ਗਿਆ। ਉਹਨਾਂ ਕਿਹਾ ਕਿ ਕਿ ਹੁਣ ਜਲਦੀ ਹੀ ਸਾਰੀਆਂ ਮੰਡੀਆਂ ਦਾ ਦੌਰਾ ਕਰਕੇ ਸਫਾਈ, ਬਿਜਲੀ ਅਤੇ ਪਾਣੀ ਦੇ ਪ੍ਰਬੰਧ ਕਰਵਾ ਦਿੱਤੇ ਜਾਣਗੇ। ਇਸ ਮੌਕੇ ਲਾਭ ਸਿੰਘ ਕਿਸਾਨ ਯੂਨੀਅਨ ਡਕੌਦਾ, ਜਗਤਾਰ ਸਿੰਘ ਪ੍ਰਧਾਨ ਡਕੌਦਾ, ਕਰਨੈਲ ਸਿੰਘ ਨੰਬਰਦਾਰ ਧਾਰੋਂਕੀ, ਜਸਵਿੰਦਰ ਸਿੰਘ, ਅਮਰੀਕ ਸਿੰਘ, ਪ੍ਰਗਟ ਸਿੰਘ, ਹਰਜਿੰਦਰ ਸਿੰਘ, ਜਗਤਾਰ ਸਿੰਘ ਕਿਸਾਨ ਆਗੂ, ਵਿੱਕੀ ਭੜੋ ਸਾਬਕਾ ਸਰਪੰਚ, ਨਾਜਰ ਸਿੰਘ ਖੇੜੀ ਗਿੱਲਾਂ, ਰਾਮ ਸਿੰਘ ਭਰਾਜ, ਸੁਰਜੀਤ ਸਿੰਘ, ਤਜਿੰਦਰ ਸਿੰਘ ਆਦਿ ਹਾਜਰ ਸਨ।